ਕਬਾੜ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਹੋਇਆ ਸੁਆਹ
Monday, Apr 07, 2025 - 08:40 PM (IST)

ਭਵਾਨੀਗੜ੍ਹ (ਕਾਂਸਲ/ਵਿਕਾਸ) : ਸਥਾਨਕ ਸ਼ਹਿਰ ਤੋਂ ਪਿੰਡ ਬਲਿਆਲ ਨੂੰ ਜਾਂਦੀ ਲਿੰਕ ਸੜਕ ਉਪਰ ਅੱਜ ਇਕ ਕਬਾੜ ਦੀ ਦੁਕਾਨ ’ਚ ਅੱਗ ਲੱਗ ਜਾਣ ਕਾਰਨ ਭਾਰੀ ਮਾਤਰਾ ’ਚ ਕਬਾੜ ਦਾ ਸਮਾਨ ਸੜ੍ਹ ਕੇ ਸੁਆਹ ਹੋ ਜਾਣ ਤੇ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਬਾੜ ਦੀ ਦੁਕਾਨ ਦੇ ਮਾਲਕ ਦੇਸ਼ ਰਾਜ ਪੁੱਤਰ ਬੂਟੀ ਰਾਮ ਵਾਸੀ ਗਾਂਧੀ ਨਗਰ ਦੇ ਪੁੱਤਰ ਗਗਨਦੀਪ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਉਸ ਦਾ ਪਿਤਾ ਰੋਟੀ ਖਾਣ ਲਈ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਆਇਆ ਤਾਂ ਪਿਛੋਂ ਉਨ੍ਹਾਂ ਦੀ ਦੁਕਾਨ ਦੇ ਬਾਗਲ ’ਚ ਖੁੱਲੇ ਅਸਮਾਨ ਹੇਠ ਪਏ ਕਬਾੜ ਦੇ ਸਮਾਨ ਨੂੰ ਅਚਾਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਇਹ ਅੱਗ ਪੂਰੀ ਤਰ੍ਹਾਂ ਭਾਂਬੜ ਬਣ ਗਈ।
ਨੇੜਲੇ ਗੁਆਂਢੀਆਂ ਨੇ ਜਦੋਂ ਦੁਕਾਨ ਨੇੜਿਓ ਧੂੰਏ ਦੀਆਂ ਅਸਮਾਨ ਛੂੰਹਦੀਆਂ ਉਚੀਆਂ ਉਚੀਆਂ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਦੁਕਾਨਦਾਰ ਨੂੰ ਦਿੱਤੀ ਤੇ ਨਾਲ ਹੀ ਇਸ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ। ਇਸ ਤਰ੍ਹਾਂ ਰੋਲਾ ਪੈਣ ’ਤੇ ਮੌਕੇ ’ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੂੰ ਕਾਫ਼ੀ ਜਦੋ ਜਹਿਦ ਕਰਕੇ ਇਸ ਅੱਗ ਉਪਰ ਕਾਬੂ ਪਾਇਆ ਤੇ ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਵੀ ਅੱਗ ਉਪਰ ਕਾਬੂ ਪਾਇਆ ਗਿਆ। ਦੁਕਾਨਦਾਰ ਦੇ ਪੁੱਤਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਵੀ ਘਟਨਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਮੌਜੂਦ ਕੌਂਸਲਰ ਸੰਜੀਵ ਲਾਲਕਾ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਦੁਕਾਨਦਾਰ ਨੂੰ ਵੱਧ ਤੋਂ ਵੱਧ ਮੁਆਵਜਾ ਦੇ ਕੇ ਉਸ ਦੀ ਮਦਦ ਕੀਤੀ ਜਾਵੇ।