ਘਰ 'ਤੇ ਡਿਗੀ ਆਸਮਾਨੀ ਬਿਜਲੀ, ਸਾਮਾਨ ਸੜ ਕੇ ਸੁਆਹ
Sunday, Jun 10, 2018 - 04:47 AM (IST)
ਖਰੜ, (ਰਣਬੀਰ, ਅਮਰਦੀਪ, ਸ਼ਸ਼ੀ, ਗਗਨਦੀਪ)- ਅੱਜ ਤੜਕੇ ਹੋਈ ਭਾਰੀ ਬਾਰਿਸ਼ ਦੌਰਾਨ ਸਥਾਨਕ ਸੰਤੇਮਾਜਰਾ ਕਾਲੋਨੀ 'ਚ ਸਥਿਤ ਇਕ ਘਰ 'ਤੇ ਆਸਮਾਨੀ ਬਿਜਲੀ ਆ ਡਿਗੀ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਕਾਰਨ ਘਰ 'ਚ ਬਿਜਲੀ ਕਾਫੀ ਸਾਮਾਨ ਸੜ ਗਿਆ।
ਮਕਾਨ ਮਾਲਕ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਤੇ ਉਸ ਵੇਲੇ ਕਾਫੀ ਹਲਕੀ ਬਾਰਿਸ਼ ਹੋ ਰਹੀ ਸੀ ਪਰ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਜਦੋਂ ਉਸ ਨੇ ਦੇਖਿਆ ਤਾਂ ਘਰ ਵਿਚ ਬਿਜਲੀ ਦੀਆਂ ਤਾਰਾਂ ਸੜੀਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਮਕਾਨ ਦੇ ਉਪਰ ਡਿਸ਼ ਤਾਰ 'ਤੇ ਆਸਮਾਨੀ ਬਿਜਲੀ ਡਿਗੀ ਸੀ, ਜੋ ਕਿ ਪੂਰੀ ਤਰ੍ਹਾਂ ਸੜ ਗਈ ਤੇ ਇਸ ਤੋਂ ਇਲਾਵਾ ਪਾਣੀ ਦੀਆਂ ਪਾਈਪਾਂ, ਜੰਗਲੇ, ਏ. ਸੀ., ਫਰਿੱਜ, ਐੱਲ. ਸੀ. ਡੀ. ਸਮੇਤ ਪੂਰੇ ਘਰ ਦੀ ਵਾਇਰਿੰਗ ਸੜ ਗਈ।
ਪਰਮਾਨੰਦ ਸਿੰਘ, ਜੋ ਮਕਾਨ 'ਚ ਕਿਰਾਏ 'ਤੇ ਰਹਿੰਦਾ ਹੈ, ਨੇ ਦੱਸਿਆ ਕਿ ਉਹ ਕਮਰੇ ਵਿਚ ਸੁੱਤਾ ਪਿਆ ਸੀ ਤੇ ਬਿਜਲੀ ਡਿਗਣ ਕਾਰਨ ਮਕਾਨ ਨੂੰ ਭੂਚਾਲ ਵਾਂਗ ਝਟਕਾ ਲੱਗਾ ਤੇ ਉਹ ਇਕਦਮ ਬੈੱਡ ਤੋਂ ਥੱਲੇ ਡਿਗ ਪਿਆ ਤੇ ਉਸ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਕੀ ਹੋ ਰਿਹਾ ਹੈ। ਜਦੋਂ ਉਸ ਨੇ ਵੇਖਿਆ ਤਾਂ ਘਰ ਦੀਆਂ ਕਈਆਂ ਚੀਜ਼ਾਂ ਸੜ ਚੁੱਕੀਆਂ ਸਨ।
