ਮੋਬਾਇਲਾਂ ਵਾਲੀ ਦੁਕਾਨ ''ਚ ਸ਼ਾਰਟ-ਸਰਕਟ ਨਾਲ ਲੱਗੀ ਅੱਗ

01/07/2018 12:23:52 AM

ਜਲਾਲਾਬਾਦ(ਦੀਪਕ, ਬੰਟੀ, ਸੇਤੀਆ, ਨਿਖੰਜ)—ਸਥਾਨਕ ਸ਼ਹਿਰ ਦੇ ਪੁਰਾਣੇ ਬਿਜਲੀ ਘਰ ਦੇ ਨਜ਼ਦੀਕ ਸਥਿਤ ਮੋਬਾਇਲਾਂ ਵਾਲੀ ਦੁਕਾਨ ਭਾਰਤ ਕਮਿਊਨੀਕੇਸ਼ਨ ਵਿਚ ਬੀਤੀ ਰਾਤ ਸ਼ਾਰਟ-ਸਰਕਟ ਹੋਣ ਕਰ ਕੇ ਲੱਗੀ ਅੱਗ ਨਾਲ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਕ ਵਿਕਾਸ ਕੁਮਾਰ ਵਾਸੀ ਦਸਮੇਸ਼ ਨਗਰ ਜਲਾਲਾਬਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਘਰ ਵਿਚ ਕੋਈ ਜ਼ਰੂਰੀ ਕੰਮ ਸੀ। ਇਸ ਲਈ ਉਹ ਆਪਣੀ ਦੁਕਾਨ ਸ਼ਾਮ ਨੂੰ ਜਲਦੀ ਬੰਦ ਕਰ ਕੇ ਘਰ ਚਲਾ ਗਿਆ ਸੀ। ਰਾਤ ਨੂੰ 9 ਵਜੇ ਦੇ ਕਰੀਬ ਮੈਨੂੰ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਉਸਦੀ ਦੁਕਾਨ ਦੇ ਸ਼ਟਰ ਥੱਲੋਂ ਧੂੰਆਂ ਨਿਕਲ ਰਿਹਾ ਹੈ। ਜਿਸ ਦੇ ਤੁਰੰਤ ਬਾਅਦ ਹੀ ਮੈਂ ਆਪਣੀ ਦੁਕਾਨ 'ਤੇ ਪੁੱਜਿਆ ਅਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਸਹਾਇਤਾ ਨਾਲ ਦੁਕਾਨ ਦੇ ਸ਼ਟਰ ਨੂੰ ਲੱਗੇ ਤਾਲੇ ਤੋੜ ਕੇ ਸ਼ਟਰ ਖੋਲ੍ਹਿਆ ਤਾਂ ਦੁਕਾਨ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਜਲਾਲਾਬਾਦ ਵਿਖੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਦੁਕਾਨਦਾਰਾਂ ਵੱਲੋਂ ਆਪਣੇ ਪੱਧਰ 'ਤੇ ਵੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਘਟਨਾ ਸਥਾਨ 'ਤੇ ਪੁੱਜੀ, ਉਦੋਂ ਤੱਕ ਅੱਗ ਨਾਲ ਦੁਕਾਨ ਅੰਦਰ ਪਿਆ ਸਾਮਾਨ ਕਾਫੀ ਹੱਦ ਤੱਕ ਸੜ ਕੇ ਸੁਆਹ ਹੋ ਚੁੱਕਿਆ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਕਰ ਕੇ ਦੁਕਾਨ ਅੰਦਰ ਪਏ ਨਵੇਂ ਅਤੇ ਪੁਰਾਣੇ ਮੋਬਾਇਲ, ਚਾਰਜਰ, ਹੈੱਡ ਫੋਨ ਅਤੇ ਕਈ ਤਰ੍ਹਾਂ ਦਾ ਕੀਮਤੀ ਸਾਮਾਨ ਸੜ ਗਿਆ। ਉਸਨੇ ਦੱਸਿਆ ਕਿ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਉਸਦਾ ਭਾਰੀ ਨੁਕਸਾਨ ਹੋਇਆ ਹੈ। 


Related News