ਮਜੀਠੀਆ ਖ਼ਿਲਾਫ FIR ਕਾਂਗਰਸ ਸਰਕਾਰ ਵੱਲੋਂ ਦੇਰੀ ਨਾਲ ਲਿਆ ਗਿਆ ਫ਼ੈਸਲਾ : ਕੁੰਵਰ ਵਿਜੇ ਪ੍ਰਤਾਪ
Tuesday, Dec 21, 2021 - 09:11 PM (IST)
ਅੰਮ੍ਰਿਤਸਰ (ਸੁਮਿਤ ਖੰਨਾ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਡਰੱਗ ਮਾਮਲੇ ’ਚ ਦਰਜ ਐੱਫ. ਆਈ. ਆਰ. ਨੂੰ ਲੈ ਕੇ ਪੰਜਾਬ ਦੇ ਸਾਬਕਾ ਆਈ. ਜੀ. ਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ’ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਬੀਤਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਤਾਂ ਕਿ ਇਸ ਨਾਲ ਉਨ੍ਹਾਂ ਦੀ ਸਰਕਾਰ ਬਣ ਜਾਵੇ ਤੇ 5 ਸਾਲ ਬਾਅਦ ਫਿਰ ਉਹ ਗ੍ਰਿਫ਼ਤਾਰੀ ਕਰਨਗੇ ਤੇ ਅਗਲੇ ਪੰਜ ਸਾਲ ਬਾਅਦ ਸਜ਼ਾ ਦਿੱਤੀ ਜਾਵੇਗੀ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਹ ਬਹੁਤ ਦੇਰੀ ਨਾਲ ਲਿਆ ਗਿਆ ਫ਼ੈਸਲਾ ਹੈ ਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਸਿਆਸਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਦੀ ਰਿਪੋਰਟ ਆਈ ਸੀ, ਉਦੋਂ ਹੀ ਐੱਫ. ਆਈ. ਆਰ. ਦਰਜ ਕਰਕੇ ਗ੍ਰਿਫ਼ਤਾਰੀ ਹੋਣੀ ਚਾਹੀਦੀ ਸੀ। ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਸਰਕਾਰ ਨੇ ਦੇਰੀ ਨਾਲ ਇਹ ਫ਼ੈਸਲਾ ਲਿਆ ਪਰ ਹੁਣ ਤੁਰੰਤ ਗ੍ਰਿਫ਼ਤਾਰੀ ਤੇ ਟ੍ਰਾਇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਲੈ ਕੇ ਇਕ ਟੀਮ ਵੀ ਬਣਾਈ ਗਈ ਹੈ । ਉਹ ਟੀਮ ਇਨਵੈਸਟੀਗੇਸ਼ਨ ਕਰੇ ਤੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਕਾਰਵਾਈ ਹੁੰਦੀ ਹੈ, ਉਹ ਕਰੇ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੇਰੀ ਨਾਲ ਲਿਆ ਗਿਆ ਹੈ ਪਰ ਅਗਲੀ ਕਾਰਵਾਈ ਜਲਦ ਹੋਣੀ ਚਾਹੀਦੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਵਜੋਤ ਸਿੱਧੂ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਰਕਾਰ ’ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕੈਪਟਨ ਦੀ ਸਰਕਾਰ ’ਚ ਮੰਤਰੀ ਵੀ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ। ਹੁਣ ਚੰਨੀ ਸਰਕਾਰ ਵਿਚ ਵੀ ਉਨ੍ਹਾਂ ਨੂੰ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਜੋ ਵੀ ਕਾਂਗਰਸ ਸਰਕਾਰ ਗ਼ਲਤ ਫ਼ੈਸਲੇ ਲੈ ਰਹੀ ਹੈ, ਉਨ੍ਹਾਂ ਦਾ ਸਿਹਰਾ ਵੀ ਸਿੱਧੂ ਨੂੰ ਹੀ ਜਾਂਦਾ ਹੈ। ਉਹ ਇਹ ਕਹਿ ਕੇ ਬਚ ਨਹੀਂ ਸਕਦੇ ਕਿ ਮੇਰੇ ਨਾਲ ਡਿਸਕਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਦੇ ਜਾਣ ਤੋਂ ਬਾਅਦ ਜਿਹੜੇ ਬਰਗਾੜੀ ਕਾਂਡ ਦੇ ਦੋਸ਼ੀ ਸਨ, ਉਨ੍ਹਾਂ ਦੇ ਵਕੀਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ। ਇਸ ਨਾਲ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ। ਜਿਸ ਨੂੰ ਡੀ. ਜੀ. ਪੀ. ਬਣਾਇਆ ਗਿਆ, ਉਸ ਦਾ ਵੀ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਚੰਨੀ ਸਰਕਾਰ ਦੋਸ਼ੀਆਂ ਨਾਲ ਮਿਲੀ ਹੋਈ ਹੈ। ਕਾਂਗਰਸ ਸਰਕਾਰ ’ਚ ‘ਕੁਰਸੀ ਇਕ ਤੇ ਆਪਾਂ ਦੋ’ ਵਾਲੀ ਗੱਲ ਪਹਿਲਾਂ ਵੀ ਚੱਲਦੀ ਸੀ ਤੇ ਹੁਣ ਵੀ ਇਹ ਗੱਲ ਹੋ ਰਹੀ ਹੈ। ‘ਆਪ’ ਆਗੂ ਨੇ ਕਿਹਾ ਕਿ ਸਿਆਸਤ ਦੀ ਇਕ ਹੱਦ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਜੀਠੀਆ ’ਤੇ ਦਰਜ FIR ਮਗਰੋਂ CM ਚੰਨੀ ਦਾ ਟਵੀਟ, ਪੰਜਾਬੀਆਂ ਨੂੰ ਕੀਤੀ ਇਹ ਅਪੀਲ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ