ਮਾਰਕੁੱਟ ਕਰਨ ਦੇ ਦੋਸ਼ ''ਚ ਕਈਆਂ ਖਿਲਾਫ ਕੇਸ ਦਰਜ
Monday, Aug 14, 2017 - 01:15 AM (IST)
ਫਿਰੋਜ਼ਪੁਰ,(ਕੁਮਾਰ)— ਪਿੰਡ ਸਤੀਏ ਵਾਲਾ ਦੇ ਏਰੀਆ ਵਿਚ ਇਕ ਵਿਅਕਤੀ ਨੂੰ ਘੇਰੇ ਕੇ ਉਸ ਨੂੰ ਕਥਿਤ ਤੌਰ 'ਤੇ ਮਾਰਕੁੱਟ ਕਰਨ ਅਤੇ ਜ਼ਬਰਦਸਤੀ ਉਸ ਦੀ ਜੇਬ 'ਚੋਂ ਪੈਸੇ ਕੱਢਣ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਜਸਪਾਲ ਸਿੰਘ ਉਰਫ ਕਾਲੀ, ਪਵਨਪ੍ਰੀਤ ਸਿੰਘ ਤੇ 3-4 ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਮੇਸ਼ ਮਸੀਹ ਨੇ ਦੱਸਿਆ ਕਿ ਸ਼ਿਕਾਇਤਕਰਤਾ ਚਿਮਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਬਾਰੇਕਿ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਨਾਮਜ਼ਦ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਮਾਰਿਆ-ਕੁੱਟਿਆ ਤੇ ਉਸ ਦੀ ਜੇਬ 'ਚੋਂ 30 ਹਜ਼ਾਰ ਰੁਪਏ ਕੱਢ ਲਏ। ਪੁਲਸ ਨੇ ਨਾਮਜ਼ਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲਾਲਾਬਾਦ, (ਨਿਖੰਜ,ਬੰਟੀ)—ਥਾਣਾ ਸਦਰ ਦੀ ਪੁਲਸ ਨੇ ਸੱਟਾਂ ਮਾਰਨ ਦੇ ਦੋਸ਼ 'ਚ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਚ. ਸੀ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਜ਼ਖਮੀ ਲਾਹੌਰਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਹਿਠਾੜ ਨੇ ਦੱਸਿਆ ਕਿ 12 ਅਗਸਤ ਨੂੰ ਸਵੇਰੇ 10 ਵਜੇ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਅਤੇ ਕਿਸ਼ੋਰ ਸਿੰਘ ਪੁੱਤਰ ਤੇਜਾ ਸਿੰਘ, ਪਰਮਜੀਤ ਸਿੰਘ ਤੇ ਸੋਨਾ ਸਿੰਘ ਪੁੱਤਰ ਕਿਸ਼ੋਰ ਸਿੰਘ, ਸੰਤੋ ਬਾਈ ਪਤਨੀ ਕਿਸ਼ੋਰ ਸਿੰਘ, ਨਿੰਮੋ ਬਾਈ ਪਤਨੀ ਪਰਮਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਰੰਜਿਸ਼ ਕੱਢਣ ਲਈ ਉਸ ਨੂੰ ਮਾਰਕੁੱਟ ਕਰ ਕੇ ਜ਼ਖਮੀ ਕਰ ਦਿੱਤਾ ਜਿਸ ਦੇ ਆਧਾਰ 'ਤੇ ਪੁਲਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਵਿਧਵਾ ਦੀ ਮਾਰਕੁੱਟ ਕਰਨ ਦੇ ਦੋਸ਼ 'ਚ 7 ਨਾਮਜ਼ਦ
ਫਿਰੋਜ਼ਪੁਰ ਸ਼ਹਿਰ ਦੀ ਬਸਤੀ ਸ਼ੇਖਾਂ ਵਾਲੀ ਵਿਚ ਇਕ ਵਿਧਵਾ ਨਾਲ ਮਾਰਕੁੱਟ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 7 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸਲਵਿੰਦਰ ਪੁੱਤਰੀ ਮੰਗਲ ਨੇ ਦੱਸਿਆ ਕਿ ਪਤੀ ਦੀ ਮੌਤ ਹੋਣ ਦੇ ਬਾਅਦ ਉਹ ਆਪਣੇ ਪੇਕੇ ਘਰ ਵਿਚ ਰਹਿੰਦੀ ਸੀ ਅਤੇ ਸੇਮਾ ਉਰਫ ਗਾਹਦੀ ਕਥਿਤ ਤੌਰ 'ਤੇ ਉਸ ਨਾਲ ਛੇੜਛਾੜ ਤੇ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਦਾ ਵਿਰੋਧ ਕਰਨ 'ਤੇ ਬਲਵੀਰ, ਕਾਕਾ, ਜੱਸਾ, ਸੇਮਾ ਉਰਫ ਗਾਹਦੀ, ਆਯੂਬਾ ਤੇ ਉਸ ਦੇ ਲੜਕਿਆਂ ਬੰਸਾ, ਬਿੱਲੂ ਅਤੇ ਗੀਤੂ ਆਦਿ ਨੇ ਸ਼ਿਕਾਇਤਕਰਤਾ ਦੇ ਘਰ ਆ ਕੇ ਉਸ ਨਾਲ ਮਾਰਕੁੱਟ ਕੀਤੀ ਤੇ ਘਰ ਦਾ ਸਾਮਾਨ ਤੋੜ-ਭੰਨ ਦਿੱਤਾ ਤੇ ਉਸ ਨੂੰ ਧਮਕੀਆਂ ਦਿੱਤੀਆਂ।
