ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੈਂਸ ਲਈ ਚਾਹਵਾਨ 16 ਤੋਂ 21 ਤੱਕ ਦੇ ਸਕਦੇ ਨੇ ਦਰਖ਼ਾਸਤਾਂ

Thursday, Oct 15, 2026 - 11:11 AM (IST)

ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੈਂਸ ਲਈ ਚਾਹਵਾਨ 16 ਤੋਂ 21 ਤੱਕ ਦੇ ਸਕਦੇ ਨੇ ਦਰਖ਼ਾਸਤਾਂ

ਫਾਜ਼ਿਲਕਾ (ਨਾਗਪਾਲ) : ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰ. 23548 ਆਫ 2017 'ਚ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਅਤੇ ਨਾਲ ਹੀ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਤਿਉਹਾਰਾ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਦੇ 18 ਸਾਲ ਤੋਂ ਵੱਧ ਉਮਰ ਦੇ ਚਾਹਵਾਨ ਬਿਨੈਕਾਰ ਆਪਣੀਆਂ ਦਰਖ਼ਾਸਤਾਂ 16 ਅਕਤੂਬਰ 2026 ਤੋਂ 21 ਅਕਤੂਬਰ 2026 ਤੱਕ ਸੇਵਾ ਕੇਂਦਰਾਂ ਜ਼ਿਲ੍ਹਾ ਫਾਜ਼ਿਲਕਾ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।

ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦਰਖ਼ਾਸਤਾਂ ਵਿਚਾਰੀਆਂ ਨਹੀਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਵੱਲੋਂ ਆਪਣੀਆਂ ਦਰਖ਼ਾਸਤਾਂ ਦਿੱਤੀਆਂ ਜਾਣਗੀਆਂ, ਉਨ੍ਹਾਂ ਨੂੰ ਆਰਜ਼ੀ ਲਾਇਸੈਂਸ ਡਰਾਅ ਸਿਸਟਮ ਰਾਹੀਂ 28 ਅਕਤੂਬਰ 2026 ਨੂੰ ਸਵੇਰੇ 11 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਮੀਟਿੰਗ ਹਾਲ ’ਚ ਜਾਰੀ ਕੀਤੇ ਜਾਣਗੇ। ਇਸ ਡਰਾਅ ਦੇ ਸਫ਼ਲ ਬਿਨੈਕਾਰ ਨੂੰ ਹੀ ਆਰਜੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 67 ਆਰਜੀ ਲਾਇਸੈਂਸ ਜਾਰੀ ਕੀਤੇ ਜਾਣਗੇ, ਜਿਨਾਂ ’ਚ ਫਾਜ਼ਿਲਕਾ ’ਚ 18, ਅਬੋਹਰ ’ਚ 25, ਜਲਾਲਾਬਾਦ ’ਚ 18, ਅਰਨੀਵਾਲਾ ਸ਼ੇਖਸੁਭਾਨ ’ਚ 6 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕਾਂ ਦਾ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 7:30 ਤੱਕ ਹੋਵੇਗਾ।
 


author

Babita

Content Editor

Related News