ਤੰਗ-ਪਰੇਸ਼ਾਨ ਕਰਨ ’ਤੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ
Friday, Apr 04, 2025 - 03:25 PM (IST)

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਵਿਖੇ ਤੰਗ-ਪਰੇਸ਼ਾਨ ਕਰਨ ਅਤੇ ਰੇਪ ਕੇਸ ’ਚ ਫਸਾਉਣ ਦੀਆਂ ਧਮਕੀਆਂ ਦੇਣ ਕਾਰਨ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਦੀਪ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਗਾਦੜੀ ਵਾਲਾ ਨੇ ਦੱਸਿਆ ਕਿ ਉਸ ਦੇ ਪਤੀ ਸਰਬਜੀਤ ਸਿੰਘ ਨੇ ਆਪਣੇ ਜਾਣਕਾਰਾਂ ਨੂੰ ਵਿਦੇਸ਼ ਭੇਜਣ ਲਈ ਕਰੀਬ 85 ਲੱਖ ਰੁਪਏ ਬੂਟਾ ਸਿੰਘ ਸਰਾਂ ਪੁੱਤਰ ਵਿਸਾਖਾ ਸਿੰਘ ਵਾਸੀ ਦਸਮੇਸ਼ ਨਗਰ, ਜ਼ਿਲ੍ਹਾ ਮੋਗਾ ਨੂੰ ਦਿੱਤੇ ਸਨ। ਇਸ ਦੇ ਬਾਵਜੂਦ ਵੀ ਉਸ ਨੇ ਕਿਸੇ ਨੂੰ ਵੀ ਬਾਹਰ ਵਿਦੇਸ਼ ਨਹੀਂ ਭੇਜਿਆ।
ਬੂਟਾ ਸਿੰਘ ਦੀ ਪਤਨੀ ਨੇ ਉਸ ਦੇ ਪਤੀ ਨੂੰ ਜਬਰ-ਜ਼ਿਨਾਹ ਦੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ। ਮਨਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਤੰਗ-ਪਰੇਸ਼ਾਨ ਹੋ ਕੇ ਉਸ ਦੇ ਪਤੀ ਸਰਬਜੀਤ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।