ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, ਮਾਮਲਾ ਦਰਜ

Saturday, Jan 11, 2025 - 04:04 PM (IST)

ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ’ਚ ਇਕ ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਅਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਵਿਚ ਥਾਣਾ ਵੂਮੈਨ ਫਿਰੋਜ਼ਪੁਰ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਮਨਸੂਰ ਵਾਲ ਕਲਾਂ ਨੇ ਦੱਸਿਆ ਕਿ ਉਸ ਦੀ ਧੀ ਅਮਨਦੀਪ ਕੌਰ ਦਾ ਵਿਆਹ ਗੁਰਸਿਮਰਨਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ-7 ਮੁੱਦਕੀ ਨਾਲ ਮਿਤੀ 16 ਦਸੰਬਰ 2020 ਨੂੰ ਹੋਇਆ ਸੀ।

ਵਿਆਹ ਸਮੇਂ ਉਸ ਨੇ ਆਪਣੀ ਧੀ ਅਮਨਦੀਪ ਕੌਰ ਨੂੰ ਆਪਣੀ ਹੈਸੀਅਤ ਤੋਂ ਵੱਧ ਦਾਜ-ਦਹੇਜ ਇਸਤਰੀ ਧੰਨ ਵਜੋਂ ਦਿੱਤਾ ਸੀ, ਪਰ ਦੋਸ਼ੀਅਨ ਇਸ ਤੋਂ ਖੁਸ਼ ਨਹੀਂ ਸਨ। ਤਰਸੇਮ ਸਿੰਘ ਨੇ ਦੱਸਿਆ ਕਿ ਦੋਸ਼ੀਅਨ ਗੁਰਸਿਮਰਨਜੀਤ ਸਿੰਘ, ਦਲਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਜੋ ਉਸ ਦੀ ਧੀਅਮਨਦੀਪ ਕੌਰ ਨੂੰ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਹੋਰ ਦਾਜ ਦੀ ਮੰਗ ਕਰਨ ਲੱਗੇ। ਅਮਨਦੀਪ ਕੌਰ ਵਲੋਂ ਇਨਕਾਰ ਕਰਨ 'ਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ। ਦੋਸ਼ੀ ਗੁਰਸਿਮਰਨਜੀਤ ਸਿੰਘ ਕੈਨੇਡਾ ਵਿਖੇ ਰਹਿ ਰਿਹਾ ਹੈ। ਜਾਂਚਕਰਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News