ਖ਼ਾਤਿਆਂ ''ਚ ਹੇਰਾਫੇਰੀ ਕਰਕੇ 2 ਲੱਖ ਰੁਪਏ ਹੜੱਪਣ ਵਾਲੇ ਪੰਪ ਕਰਮਚਾਰੀ ਖ਼ਿਲਾਫ਼ ਪਰਚਾ
Tuesday, Dec 24, 2024 - 04:15 PM (IST)
ਫਿਰੋਜ਼ਪਰ (ਮਲਹੋਤਰਾ) : ਪੈਟਰੋਲ ਪੰਪ ਦੇ ਖ਼ਾਤਿਆਂ 'ਚ ਹੇਰਾਫੇਰੀ ਕਰਕੇ 2 ਲੱਖ ਰੁਪਏ ਹੜੱਪਣ ਵਾਲੇ ਪੰਪ ਦੇ ਕਰਮਚਾਰੀ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਪਿੰਡ ਬੂਈਆਂਵਾਲਾ 'ਚ ਸਥਿਤ ਪੰਪ ਦੇ ਸੰਚਾਲਕ ਵਰੁਣ ਅਰੋੜਾ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਦੇ ਪੰਪ 'ਤੇ ਲਵਪ੍ਰੀਤ ਸਿੰਘ ਪਿੰਡ ਹਰਦਾਸਾ ਬਤੌਰ ਸੇਲਜ਼ਮੇਨ ਕੰਮ ਕਰਦਾ ਸੀ, ਜੋ ਰੋਜ਼ਾਨਾ ਸ਼ਾਮ ਵੇਚੇ ਹੋਏ ਤੇਲ ਦਾ ਹਿਸਾਬ-ਕਿਤਾਬ ਉਸ ਨੂੰ ਦਿੰਦਾ ਸੀ।
ਉਸ ਨੇ ਦੋਸ਼ ਲਗਾਏ ਕਿ ਲਵਪ੍ਰੀਤ ਸਿੰਘ ਕਈ ਗਾਹਕਾਂ ਦੇ ਖ਼ਾਤਿਆਂ ਵਿਚ ਫਰਜ਼ੀ ਐਂਟਰੀਆਂ ਕਰਕੇ ਕੈਸ਼ ਆਪਣੇ ਕੋਲ ਰੱਖ ਲੈਂਦਾ ਸੀ, ਜਦੋਂ ਉਸ ਨੇ ਅਗਸਤ ਮਹੀਨੇ 'ਚ ਪੰਪ ਦਾ ਸਾਰਾ ਹਿਸਾਬ-ਕਿਤਾਬ ਚੈੱਕ ਕੀਤਾ ਤਾਂ ਕਰੀਬ 2 ਲੱਖ ਰੁਪਏ ਘੱਟ ਪਾਏ ਗਏ। ਉਸ ਨੇ ਲਵਪ੍ਰੀਤ ਨੂੰ ਇਸ ਸਬੰਧੀ ਪੁੱਛਿਆ ਤਾਂ 19 ਅਗਸਤ ਤੋਂ ਉਸ ਨੇ ਪੰਪ 'ਤੇ ਆਉਣਾ ਹੀ ਬੰਦ ਕਰ ਦਿੱਤਾ।
ਉਸ ਦੇ ਘਰ ਜਾ ਕੇ ਪਤਾ ਕੀਤਾ ਤਾਂ ਉਸ ਦੇ ਭਰਾ ਨੇ ਦੱਸਿਆ ਕਿ ਉਹ ਕਿਸੇ ਨੂੰ ਬਿਨਾਂ ਦੱਸੇ ਘਰ ਛੱਡ ਕੇ ਚਲਾ ਗਿਆ ਹੈ। ਏ. ਐੱਸ. ਆਈ. ਬਲਜਿੰਦਰ ਸਿੰਘ ਦੇ ਅਨੁਸਾਰ ਸ਼ਿਕਾਇਤ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਵਪ੍ਰੀਤ ਸਿੰਘ ਨੇ ਫਰਜ਼ੀ ਖ਼ਾਤਿਆਂ ਦੇ ਆਧਾਰ 'ਤੇ ਕਰੀਬ 2 ਲੱਖ ਰੁਪਏ ਦਾ ਗਬਨ ਕੀਤਾ ਹੈ, ਉਸਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਉਸਦੀ ਭਾਲ ਕੀਤੀ ਜਾ ਰਹੀ ਹੈ।