ਵਿਅਕਤੀ ਕੋਲੋਂ 1 ਕੁਇੰਟਲ 83 ਕਿੱਲੋ ਭੁੱਕੀ ਤੇ ਦੇਸੀ ਪਿਸਤੌਲ ਬਰਾਮਦ, ਮਾਮਲਾ ਦਰਜ
Sunday, Aug 11, 2024 - 12:28 PM (IST)
ਬਠਿੰਡਾ (ਵਰਮਾ) : ਬਠਿੰਡਾ ਦੀ ਐੱਸ. ਟੀ. ਐੱਫ. ਟੀਮ ਨੇ ਬੀਤੇ ਦਿਨ 1 ਕੁਇੰਟਲ 83 ਕਿਲੋ ਭੁੱਕੀ ਅਤੇ ਨਾਜਾਇਜ਼ ਅਸਲਾ ਬਰਾਮਦ ਕਰ ਕੇ ਇਕ ਵਿਅਕਤੀ ਖ਼ਿਲਾਫ਼ ਐਂਟੀ ਨਾਰਕੋਟਿਕਸ ਐਂਡ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਅਜੇ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਐੱਸ. ਟੀ. ਐੱਫ. ਦੇ ਸਹਾਇਕ ਐੱਸ. ਐੱਚ. ਓ. ਰਾਜਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਟੀਮ ਗਸ਼ਤ ਦੌਰਾਨ ਪਿੰਡ ਫੂਲ ਵੱਲ ਜਾ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਇਕ ਖੇਤ 'ਚ ਬਣੇ ਕਮਰਿਆਂ ’ਚੋਂ ਵੱਡੇ ਪੱਧਰ ’ਤੇ ਭੁੱਕੀ ਦਾ ਕਾਰੋਬਾਰ ਹੋ ਰਿਹਾ ਹੈ, ਜੇਕਰ ਉੱਥੇ ਛਾਪੇਮਾਰੀ ਕੀਤੀ ਜਾਵੇ ਤਾਂ ਭੁੱਕੀ ਦੀ ਖ਼ੇਪ ਬਰਾਮਦ ਹੋ ਸਕਦੀ ਹੈ।
ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਕਮਰਿਆਂ ਦੇ ਨੇੜੇ ਜਾ ਕੇ ਦਰਵਾਜ਼ਾ ਤੋੜ ਕੇ ਤਲਾਸ਼ੀ ਲਈ ਤਾਂ ਭਾਰੀ ਮਾਤਰਾ ’ਚ ਭੁੱਕੀ ਬਰਾਮਦ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਹੋਈ ਭੁੱਕੀ ਦਾ ਵਜ਼ਨ ਕਰੀਬ 1 ਕੁਇੰਟਲ 83 ਕਿੱਲੋ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਸ ਤੋਂ ਬਾਅਦ ਜਦੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਇਕ 12 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਪਿੰਡ ਮਹਿਰਾਜ ਦੇ ਰਹਿਣ ਵਾਲੇ ਪਰਸਨ ਸਿੰਘ ਨਾਮਕ ਵਿਅਕਤੀ ਨੇ ਠੇਕੇ ’ਤੇ ਲਿਆ ਹੋਇਆ ਸੀ। ਖੇਤੀ ਦੀ ਆੜ ’ਚ ਉਹ ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ। ਪੁਲਸ ਅਧਿਕਾਰੀ ਅਨੁਸਾਰ ਬਰਾਮਦ ਕੀਤੇ ਗਏ ਸਾਮਾਨ ਅਤੇ ਹਥਿਆਰਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।