ਵਿਆਹੁਤਾ ਨਾਲ ਕੁੱਟਮਾਰ ਦੇ ਦੋਸ਼ ’ਚ ਪਤੀ, ਸੱਸ ਤੇ ਸਹੁਰਾ ਨਾਮਜ਼ਦ

Monday, Jul 29, 2024 - 03:50 PM (IST)

ਵਿਆਹੁਤਾ ਨਾਲ ਕੁੱਟਮਾਰ ਦੇ ਦੋਸ਼ ’ਚ ਪਤੀ, ਸੱਸ ਤੇ ਸਹੁਰਾ ਨਾਮਜ਼ਦ

ਖਰੜ (ਰਣਬੀਰ) : ਥਾਣਾ ਸਿਟੀ ਅਧੀਨ ਏਰੀਆ ਦੀ ਵਸਨੀਕ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਸ ਨੇ ਉਸ ਦੇ ਪਤੀ ਅਵਿਨਾਸ਼ ਕੁਮਾਰ, ਸਹੁਰੇ ਰਾਮ ਲੁਭਾਇਆ ਤੇ ਸੱਸ ਸੰਤੋਸ਼ ਕੁਮਾਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਅਵਿਨਾਸ਼ ਨਾਲ ਹੋਇਆ ਸੀ। ਉਨ੍ਹਾਂ ਕੋਲ ਇਕ 6 ਸਾਲ ਦਾ ਪੁੱਤਰ ਵੀ ਹੈ। ਵਿਆਹ ਦੇ 1 ਸਾਲ ਬਾਅਦ ਹੀ ਪਤੀ ਉਸ ਨਾਲ ਝਗੜਾ ਅਤੇ ਕੁੱਟਮਾਰ ਕਰਨ ਲੱਗਾ ਸੀ।

ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਸਹੁਰਾ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ। ਪਿਛਲੇ ਸਾਲ ਉਸ ਦੇ ਪਿਤਾ ਦੀ ਰਿਟਾਇਰਮੈਂਟ ਹੋਈ ਸੀ। ਇਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ 5 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਅਤੇ ਉਸ ਨੂੰ ਪੇਕੇ ਭੇਜ ਦਿੱਤਾ। ਜਿਸ ਤੋਂ ਬਾਅਦ ਬੀਤੀ 5 ਜੂਨ ਨੂੰ ਉਸ ਦਾ ਪਤੀ ਉਸ ਨੂੰ ਵਾਪਸ ਆਪਣੇ ਘਰ ਲੈ ਆਇਆ ਪਰ ਕੁੱਝ ਦਿਨ ਠੀਕ ਰਹਿਣ ਤੋਂ ਬਾਅਦ ਫਿਰ ਤੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ। ਕੁੱਝ ਦਿਨ ਪਹਿਲਾਂ ਉਸ ਦੇ ਪਤੀ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ।

ਇਸ ਦੌਰਾਨ ਉਸ ਦੀ ਸਹੁਰੇ ਅਤੇ ਸੱਸ ਨੇ ਵੀ ਉਸ ਦੇ ਪਤੀ ਦਾ ਸਾਥ ਦਿੱਤਾ। ਗੁਆਂਢੀਆਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਖਰੜ ’ਚ ਲਿਜਾਇਆ ਗਿਆ। ਪੁਲਸ ਵੱਲੋਂ ਮਹਿਲਾ ਦੇ ਬਿਆਨਾਂ ’ਤੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News