ਜੇਠ ਕਰਦਾ ਸੀ ਕੁੱਟਮਾਰ, ਨੂੰਹ ਦੀ ਸ਼ਿਕਾਇਤ ’ਤੇ ਕੀਤਾ ਮਾਮਲਾ ਦਰਜ

Friday, Sep 15, 2023 - 01:53 PM (IST)

ਜੇਠ ਕਰਦਾ ਸੀ ਕੁੱਟਮਾਰ, ਨੂੰਹ ਦੀ ਸ਼ਿਕਾਇਤ ’ਤੇ ਕੀਤਾ ਮਾਮਲਾ ਦਰਜ

ਮੋਹਾਲੀ (ਸੰਦੀਪ) : ਥਾਣਾ ਮਟੌਰ ਪੁਲਸ ਨੇ ਫੇਜ਼-3 ਦੀ ਰਹਿਣ ਵਾਲੀ ਨੂੰਹ ਦੀ ਸ਼ਿਕਾਇਤ ’ਤੇ ਜੇਠ ਵਰਿੰਦਰ ਸਿੰਘ ਖ਼ਿਲਾਫ਼ ਕੁੱਟਮਾਰ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਨੂੰਹ ਨੇ ਦੋਸ਼ ਲਾਇਆ ਕਿ ਜੇਠ ਅਕਸਰ ਉਸ ਦੀ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਹੈ। ਬਾਅਦ ਵਿਚ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਮੁਆਫ਼ੀ ਮੰਗ ਲੈਂਦਾ ਹੈ। ਔਰਤ ਨੇ ਦੋਸ਼ ਲਾਇਆ ਕਿ ਉਹ ਘਰ ਦੀ ਹੇਠਲੀ ਮੰਜ਼ਿਲ ’ਤੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ, ਜਦਕਿ ਉਸ ਦਾ ਜੇਠ ਪਹਿਲੀ ਮੰਜ਼ਿਲ ’ਤੇ ਪਰਿਵਾਰ ਨਾਲ ਰਹਿੰਦਾ ਹੈ।

ਘਟਨਾ ਵਾਲੀ ਰਾਤ 11 ਵਜੇ ਉਹ ਆਰਾਮ ਲਾਲ ਸੌਂ ਰਹੇ ਸੀ। ਇਸ ਦੌਰਾਨ ਜੇਠ ਅਚਾਨਕ ਘਰੋਂ ਬਾਹਰ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਇਸ ਤੋਂ ਬਾਅਦ ਉਸ ਨੇ ਜ਼ੋਰ-ਜ਼ੋਰ ਨਾਲ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਘਰ ਦੇ ਬਾਹਰ ਰੱਖੇ ਗਮਲੇ ਦਰਵਾਜੇ ’ਤੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਉਸ ਦੀ ਤੇ ਉਸ ਦੇ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਜੇਠ ਨੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਉਸ ਦੇ ਪਤੀ ਦੇ ਦੋਸਤ ਦੀ ਕਾਰ ’ਤੇ ਗਮਲਾ ਮਾਰ ਕੇ ਨੁਕਸਾਨ ਪਹੁੰਚਾਇਆ। ਰੌਲਾ ਪਾਉਣ ਤੋਂ ਬਾਅਦ ਉਹ ਚਲਾ ਗਿਆ। ਪਰੇਸ਼ਾਨ ਹੋ ਕੇ ਉਸ ਨੇ ਮਟੌਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


author

Babita

Content Editor

Related News