ਪਾਬੰਦੀਸ਼ੁਦਾ ਸਿਗਰਟ ਵੇਚਣ ''ਤੇ ਸਾਢੇ 10 ਹਜ਼ਾਰ ਦਾ ਜੁਰਮਾਨਾ
Tuesday, Nov 19, 2024 - 12:44 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਨੇ ਪੁਲਸ, ਆਬਕਾਰੀ, ਕਰ ਅਤੇ ਕਾਨੂੰਨੀ ਮਾਪਵਿਗਿਆਨ ਵਿਭਾਗ ਅਤੇ ਫੂਡ ਸੇਫਟੀ ਐਂਡ ਡਰੱਗ ਕੰਟਰੋਲ ਸ਼ਾਖਾ ਨਾਲ ਮਿਲ ਕੇ ਪਾਬੰਦੀਸ਼ੁਦਾ ਸਿਗਰਟਾਂ ਵੇਚਣ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਦੁਕਾਨਦਾਰਾਂ ਨੂੰ 10,500 ਰੁਪਏ ਜੁਰਮਾਨਾ ਕੀਤਾ, ਜਦਕਿ 2100 ਰੁਪਏ ਦੀਆਂ ਗੈਰ-ਕਾਨੂੰਨੀ ਸਿਗਰਟਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ 'ਤੇ ਕੋਈ ਲਾਜ਼ਮੀ ਚਿਤਾਵਨੀ ਨਹੀਂ ਸੀ।
ਇਸ ਦੌਰਾਨ ਵਿਕਰੇਤਾਵਾਂ ਨੇ 81 ਹਜ਼ਾਰ ਦੇ ਕਰੀਬ ਖੁੱਲ੍ਹੀਆਂ ਸਿਗਰਟਾਂ ਖ਼ੁਦ ਨਸ਼ਟ ਕੀਤੀਆਂ। ਟੀਮ ਨੇ ਛਾਪੇਮਾਰੀ ਵਿਚ ਸੈਕਟਰ-1 ਸਥਿਤ ਪੰਜਾਬ ਸਿਵਲ ਸਕੱਤਰੇਤ ਦੀ ਦੁਕਾਨ ਨੰਬਰ-3 ਵਿਚ ਕੋਟਪਾ 2003 ਤਹਿਤ ਧਾਰਾ 6ਏ ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ ਹੁੰਦੀ ਪਾਈ। ਇਸ ਦੇ ਨਾਲ ਹੀ ਸੈਕਟਰ-28 ਡੀ ਦੇ ਬੂਥ ਨੰਬਰ-159 ਸਥਿਤ ਮੈਸਰਜ਼ ਅੰਬਾਰੀ ਚੌਰਸੀਆ ਪਾਨ ’ਤੇ ਖੁੱਲ੍ਹੇ ਵਿਚ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ। ਇਸੇ ਲੜੀ ਵਿਚ ਸੈਕਟਰ-28 ਡੀ ਸਥਿਤ ਦੁਕਾਨ ਨੰਬਰ-180 ਵਿਚ ਦਰਾਮਦ ਸਿਗਰਟਾਂ ਦਾ ਸਟਾਕ ਅਤੇ ਵਿਕਰੀ ਕਰਦੇ ਹੋਏ ਪਾਇਆ ਗਿਆ।
ਸੈਕਟਰ-28 ਸਥਿਤ ਮਸ਼ਹੂਰ ਕਨਫੈਕਸ਼ਨਰੀ ਦੀ ਦੁਕਾਨ ਨੰਬਰ-190 'ਤੇ ਵੀ ਬਿਨਾਂ ਚਿਤਾਵਨੀ ਚਿੰਨ੍ਹਾਂ ਦੇ ਖੁੱਲ੍ਹੇ 'ਚ ਸਿਗਰਟਾਂ ਦਾ ਸਟਾਕ ਅਤੇ ਵੇਚਦੇ ਪਾਇਆ ਗਿਆ। ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਨੇ ਕਿਹਾ ਹੈ ਕਿ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਕੋਟਪਾ ਐਕਟ 2003 ਅਤੇ ਤੰਬਾਕੂ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਬਣਾਈ ਗਈ ਟੀਮ ਛਾਪੇਮਾਰੀ ਜਾਰੀ ਰੱਖੇਗੀ।