ਕੰਪਿਊਟਰ ''ਤੇ ਆਈਟਮ ਕੋਡ ਲੱਭਦਿਆਂ ਲੰਘੀ ਦਿਹਾੜੀ, ਫਿਰ ਵੀ ਨਹੀਂ ਬਣੀ ਗੱਲ
Thursday, Jun 15, 2017 - 12:28 AM (IST)
ਹੁਸ਼ਿਆਰਪੁਰ, (ਘੁੰਮਣ)- ਹਾਲਾਂਕਿ ਜੀ. ਐੱਸ. ਟੀ. ਨੂੰ ਲਾਗੂ ਹੋਣ 'ਚ ਸਿਰਫ 16 ਦਿਨ ਬਾਕੀ ਬਚੇ ਹਨ। ਅਜੇ ਵੀ ਸੈਂਕੜੇ ਅਜਿਹੇ ਵਪਾਰੀ ਹਨ, ਜਿਨ੍ਹਾਂ ਨੂੰ ਅਜੇ ਤੱਕ ਜੀ. ਐੱਸ. ਟੀ. ਨੰਬਰ ਨਹੀਂ ਮਿਲ ਸਕਿਆ। ਕਰਿਆਨਾ ਦੇ ਕਾਰੋਬਾਰ ਨਾਲ ਜੁੜੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਗੁਪਤਾ ਵਸਤੂ ਭੰਡਾਰ ਕਮੇਟੀ ਬਾਜ਼ਾਰ ਦੇ ਮਾਲਕ ਸੁਕੇਸ਼ ਗੁਪਤਾ ਨੇ ਅੱਜ ਗੱਲਬਾਤ ਦੌਰਾਨ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਜੇਕਰ ਜੀ. ਐੱਸ. ਟੀ. ਦਾ ਨੰਬਰ ਲੈਣ ਲਈ ਸ਼ਰਤਾਂ ਪੂਰੀਆਂ ਕਰਨ ਸਮੇਂ ਹੀ ਸਿਰ ਘੁੰਮਣ ਲੱਗਾ ਹੈ ਤਾਂ ਇਸ ਦੇ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਦੀ ਕੀ ਹਾਲਤ ਹੋਵੇਗੀ?
ਸ਼੍ਰੀ ਗੁਪਤਾ ਨੇ ਦੱਸਿਆ ਕਿ ਜੀ. ਐੱਸ. ਟੀ. ਨੰਬਰ ਅਪਲਾਈ ਕਰਨ ਲਈ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਹ ਜੋ ਸਾਜ਼ੋ-ਸਾਮਾਨ ਵੇਚਦੇ ਹਨ, ਉਨ੍ਹਾਂ ਵਿਚੋਂ ਕੁਝ ਆਈਟਮਾਂ ਦਾ ਕੋਡ ਦੱਸਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਮੈਂ ਕੰਪਿਊਟਰ 'ਤੇ ਬੈਠਾ ਤਾਂ ਜੀ. ਐੱਸ. ਟੀ. ਪੋਰਟਲ ਖੋਲ੍ਹਣ 'ਤੇ ਪਤਾ ਲੱਗਾ ਕਿ ਦੇਸ਼ ਭਰ ਦੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ 72 ਪੇਜਾਂ ਦੇ ਜੀ. ਐੱਸ. ਟੀ. ਪੋਰਟਲ 'ਚ ਇਹ ਸਾਰੇ ਆਈਟਮ ਕੋਡ ਦਰਜ ਹਨ।
ਇਨ੍ਹਾਂ ਵਿਚੋਂ ਕਿਸੇ ਵੀ ਟਰੇਡ ਨੂੰ ਵੱਖ-ਵੱਖ ਕਰ ਕੇ ਨਹੀਂ ਦਰਸਾਇਆ ਗਿਆ। ਮੈਂ ਜਦੋਂ ਚਾਹ ਦਾ ਆਈਟਮ ਕੋਡ ਲੱਭਣਾ ਸ਼ੁਰੂ ਕੀਤਾ ਤਾਂ 20 ਤਰ੍ਹਾਂ ਦੇ ਕੋਡ ਅੰਕਿਤ ਸਨ। ਇਸੇ ਤਰ੍ਹਾਂ ਕੌਫੀ ਦੇ 28 ਕੋਡ, ਤੇਲ ਤੇ ਸ਼ੂਗਰ ਦੇ 20-20 ਕੋਡ ਨਜ਼ਰ ਆਏ। ਉਨ੍ਹਾਂ ਦੀ ਪੂਰੀ ਦਿਹਾੜੀ ਕੋਡ ਲੱਭਣ 'ਚ ਲੰਘ ਗਈ ਪਰ ਪੱਲੇ ਫਿਰ ਵੀ ਕੁਝ ਨਹੀਂ ਪਿਆ।
ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਜੀ. ਐੱਸ. ਟੀ. ਲਾਗੂ ਕਰਨ ਦੀ ਦੁਹਾਈ ਦੇ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਵਪਾਰੀਆਂ ਨੂੰ ਕਿਸ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੀ ਕੋਈ ਜਵਾਬਦੇਹੀ ਨਹੀਂ।
