ਲੁਧਿਆਣਾ ਦੀ ਜੇਲ 'ਚ ਹੋਇਆ ਖੂਨ-ਖਰਾਬਾ, ਵੇਲਣਾ ਮਾਰ ਪਾੜਿਆ ਕੈਦੀ ਦਾ ਸਿਰ

Tuesday, Aug 22, 2017 - 04:43 PM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਕੇਂਦਰੀ ਜੇਲ ਵਿਚ ਇਕ ਕੈਦੀ ਨੇ ਦੂਜੇ ਕੈਦੀ ਦੇ ਸਿਰ 'ਤੇ ਵੇਲਣਾ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਕੈਦੀ ਦੀ ਗੰਭੀਰ ਹਾਲਤ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਇਲਾਜ ਅਧੀਨ ਕੈਦੀ ਸਮੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਲ ਵਿਚ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਭੋਜਨ ਤਿਆਰ ਕਰਨ ਵਾਲੇ ਲੰਗਰ ਹਾਲ ਵਿਚ ਉਹ ਮੁਸ਼ੱਕਤ ਕਰਦਾ ਹੈ। ਮੰਗਲਵਾਰ ਦੁਪਹਿਰ 1.30 ਵਜੇ ਦੇ ਲਗਭਗ ਉਸ ਦੇ ਨਾਲ ਮੁਸ਼ੱਕਤ ਕਰਨ ਵਾਲੇ ਕੈਦੀ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਕਾਰਨ ਉਕਤ ਕੈਦੀ ਨੇ ਉਸ ਦੇ ਸਿਰ 'ਤੇ ਰੋਟੀ ਵਾਲਾ ਬੇਲਣਾ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਧਰ, ਡਿਊਟੀ ਕਰ ਰਹੇ ਕਰਮਚਾਰੀ ਦੇ ਮੁਤਾਬਕ ਕੈਦੀ ਸਮੀਰ ਦੇ ਸਿਰ 'ਤੇ ਵੇਲਣਾ ਲੱਗਣ ਨਾਲ ਖੂਨ ਵਹਿਣ ਲੱਗਾ ਅਤੇ ਉਸ ਨੂੰ ਇਲਾਜ ਦੇ ਲਈ ਜੇਲ ਹਸਪਤਾਲ ਲਿਜਾਇਆ ਗਿਆ। ਇੱਥੋਂ ਦੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਸ ਸਬੰਧੀ ਜੇਲ ਦੇ ਸੁਪਰੀਡੈਂਟ ਸੁਰਿੰਦਰ ਪਾਲ ਖੰਨਾ ਨੇ ਦੱਸਿਆ ਕਿ ਦੋਸ਼ੀ ਕੈਦੀ 'ਤੇ ਜੇਲ ਮੈਨੁਅਲ ਮੁਤਾਬਕ ਕਾਰਵਾਈ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਵਿਚ ਮੈਡੀਕਲ ਰਿਪੋਰਟ ਆਉਣ 'ਤੇ ਉਕਤ ਕੈਦੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News