ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਓਵਰਬ੍ਰਿਜ ਹੇਠ ਪਈ ਬਜ਼ੁਰਗ ਔਰਤ
Wednesday, Sep 20, 2017 - 08:26 AM (IST)

ਨਾਭਾ (ਭੁਪਿੰਦਰ ਭੂਪਾ) - ਮਾਂ ਦਾ ਦੇਣ ਅਸੀਂ ਸਾਰੀ ਉਮਰ ਹੀ ਨਹੀਂ ਦੇ ਸਕਦੇ। ਜਿਸ ਮਾਂ ਨੇ ਸਾਨੂੰ ਜਨਮ ਦੇ ਕੇ ਪਾਲਣ-ਪੋਸ਼ਣ ਤੋਂ ਬਾਅਦ ਵੱਡਾ ਕਰ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ, ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੋਵੇ, ਪੁੱਛਣ ਵਾਲਾ ਕੋਈ ਨਾ ਹੋਵੇ, ਉਸ 'ਤੇ ਕੀ ਬੀਤਦੀ ਹੋਵੇਗੀ? ਇਸੇ ਤਰ੍ਹਾਂ ਦੀ ਮਿਸਾਲ ਰਿਆਸਤੀ ਸ਼ਹਿਰ ਵਿਖੇ ਦੇਖਣ ਨੂੰ ਮਿਲੀ। ਨਾਭਾ-ਭਵਾਨੀਗੜ੍ਹ ਰੋਡ 'ਤੇ ਬਣੇ ਓਵਰਬ੍ਰਿਜ ਹੇਠ ਪਈ ਇੱਕ ਬਜ਼ੁਰਗ ਔਰਤ ਨੂੰ ਵੇਖ ਕੇ ਹਰ ਕਿਸੇ ਦੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਕਈ ਦਿਨਾਂ ਤੋਂ ਇੱਕ ਹੀ ਥਾਂ ਪਈ ਹੋਣ ਕਾਰਨ ਉਸ ਦੀ ਛਾਤੀ ਵਿਚ ਕੀੜੇ ਪੈ ਗਏ ਹਨ। ਲੋਕਾਂ ਮੁਤਾਬਿਕ ਇਸ ਬਜ਼ੁਰਗ ਮਾਤਾ ਦੇ 2 ਲੜਕੇ ਵੀ ਹਨ। ਕੁੱਝ ਦਿਨਾਂ ਤੋਂ ਉਸ ਦੀ ਤਬੀਅਤ ਖਰਾਬ ਹੋਣ 'ਤੇ ਫਿਰ ਛਾਤੀ ਵਿਚ ਕੀੜੇ ਚੱਲਣ ਲੱਗ ਪਏ। ਬਜ਼ੁਰਗ ਮਾਤਾ ਦੀ ਮਦਦ ਲਈ ਲੋਕ ਅਤੇ ਪੁਲਸ ਅੱਗੇ ਆਈ ਅਤੇ ਸਰਕਾਰੀ ਹਸਪਤਾਲ ਲਿਆਂਦਾ। ਡਾਕਟਰਾਂ ਵੱਲੋਂ ਉਸ ਦੀ ਛਾਤੀ ਵਿਚੋਂ ਬਹੁਤ ਕੀੜੇ ਕੱਢੇ ਗਏ। ਜਦੋਂ ਮਾਤਾ ਦਾ ਕੋਈ ਵਾਲੀਵਾਰਿਸ ਨਾ ਆਇਆ ਤਾਂ ਦੇਖ-ਭਾਲ ਕਰਨ ਲਈ ਪ੍ਰਭ ਆਸਰਾ ਸੇਵਾ ਸਿਮਰਨ ਚੈਰੀਟੇਬਲ ਟਰੱਸਟ ਸਿਰਸਾ ਅੱਗੇ ਆਈ ਅਤੇ ਆਪਣੇ ਨਾਲ ਲੈ ਗਈ। ਇਸ ਬਜ਼ੁਰਗ ਮਾਤਾ ਨੂੰ ਕੌਣ ਛੱਡ ਕੇ ਗਿਆ? ਅਤੇ ਇਹ ਕਿੱਥੋਂ ਆਈ? ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।