ਵਾਅਦਾ ਪੂਰਾ ਨਾ ਹੋਣ ''ਤੇ ਲਈ ਕੋਰਟ ਦੀ ਸ਼ਰਨ
Sunday, Apr 08, 2018 - 08:38 AM (IST)
ਪਟਿਆਲਾ (ਲਖਵਿੰਦਰ) - ਪਟਿਆਲਾ ਨੇੜਲੇ ਕਸਬਾ ਬਲਬੇੜ੍ਹਾ ਨਿਵਾਸੀ ਬੱਲੂ ਰਾਮ, ਜੋ ਸਤੰਬਰ 2017 ਵਿਚ ਬਲਬੇੜ੍ਹਾ ਵਿਖੇ ਬਣੇ ਇਕ ਪ੍ਰਾਈਵੇਟ ਸਕੂਲ ਦੀ ਕੰਸਟਰੱਕਸ਼ਨ ਦੀ ਦੇਖਰੇਖ ਕਰਦਾ ਸੀ, ਇਕ ਦਿਨ ਇਕ ਸਾਨ੍ਹ ਵਲੋਂ ਸਿੰਗ ਮਾਰ-ਮਾਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ, ਦੇ ਪੁੱਤਰ ਗੁਰਧਿਆਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਹੋਈ ਇਸ ਦਰਦਨਾਕ ਮੌਤ 'ਤੇ ਸਕੂਲ ਦੇ ਮਾਲਕ ਵਲੋਂ ਆਖਿਆ ਗਿਆ ਸੀ ਕਿ ਬੱਲੂ ਰਾਮ ਦੇ ਪੋਤਿਆਂ ਨੂੰ ਉਸ ਵਲੋਂ ਇਸੇ ਸਕੂਲ ਵਿਚ ਹੀ ਮੁਫ਼ਤ ਵਿਚ ਪੜ੍ਹਾਈ ਕਰਵਾਈ ਜਾਵੇਗੀ ਤੇ ਕੁਝ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ ਪਰ ਅਜਿਹਾ ਨਹੀਂ ਕੀਤਾ ਗਿਆ, ਜਿਸ ਨੂੰ ਘੱਟੋ-ਘੱਟ 8 ਮਹੀਨੇ ਬੀਤ ਚੁੱਕੇ ਹਨ।
ਮ੍ਰਿਤਕ ਦੇ ਪੁੱਤਰ ਗੁਰਧਿਆਨ ਸਿੰਘ ਨੇ ਦੱਸਿਆ ਕਿ ਸਕੂਲ ਦੇ ਮਾਲਕ ਵਲੋਂ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਵਾਅਦੇ ਅਨੁਸਾਰ ਹਾਲੇ ਤੱਕ ਕੋਈ ਵੀ ਮਦਦ ਨਾ ਕੀਤੇ ਜਾਣ ਦੇ ਰੋਸ ਵਜੋਂ ਉਨ੍ਹਾਂ ਵਲੋਂ ਹੁਣ ਮਾਣਯੋਗ ਕੋਰਟ ਵਿਚ ਪਹੁੰਚ ਕੀਤੀ ਗਈ ਤਾਂ ਜੋ ਇਨਸਾਫ ਮਿਲ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਸਬੰਧੀ ਹੋਰ ਵੀ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਕੀ ਕਹਿਣਾ ਹੈ ਸਕੂਲ ਮਾਲਕ ਦਾ?
ਉਪਰੋਕਤ ਮਾਮਲੇ ਸਬੰਧੀ ਜਦੋਂ ਸਕੂਲ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਲੂ ਰਾਮ ਦੇ ਪੁੱਤਰ ਗੁਰਧਿਆਨ ਸਿੰਘ ਵੱਲੋਂ ਉਨ੍ਹਾਂ ਨਾਲ ਇਸ ਸਬੰਧੀ ਗੱਲਬਾਤ ਨਹੀਂ ਕੀਤੀ ਜਾ ਰਹੀ ਜਦੋਂ ਕਿ ਉਨ੍ਹਾਂ ਵਲੋਂ ਬੱਲੂ ਰਾਮ ਦੇ ਪੋਤਿਆਂ ਨੂੰ ਸਕੂਲ ਵਿਚ ਮੁਫ਼ਤ ਵਿਚ ਪੜ੍ਹਾਈ ਕਰਨ ਲਈ ਤਿਆਰ-ਬਰ-ਤਿਆਰ ਹਾਂ।
