ਵਿਧਵਾ ਨੇ ਇੰਕਾ ਆਗੂ ''ਤੇ ਲਾਇਆ ਮਕਾਨ ਹੜੱਪਣ ਦਾ ਦੋਸ਼
Wednesday, Feb 21, 2018 - 08:16 AM (IST)

ਨਾਭਾ (ਜੈਨ) - ਵਾਰਡ ਨੰਬਰ 22 ਦੀ ਮਹਿਲਾ ਕੌਂਸਲਰ ਸ਼੍ਰੀਮਤੀ ਸੁਜਾਤਾ ਚਾਵਲਾ ਦੇ ਪਤੀ ਮੁਨੀਸ਼ ਉਰਫ ਪੰਕਜ ਪੱਪੂ ਇਕ ਹੋਰ ਵਿਵਾਦ ਵਿਚ ਘਿਰ ਗਏ ਹਨ। ਪੰਕਜ ਤੇ ਸੁਜਾਤਾ ਜਿਸ ਮਕਾਨ ਵਿਚ ਰਹਿੰਦੇ ਹਨ, ਉਸ ਦੀ ਮਕਾਨ ਮਾਲਕਣ ਵਿਧਵਾ ਸੁਸ਼ਮਾ ਰਾਣੀ ਪਤਨੀ ਸਵ. ਦਿਨੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਰੋਂਦੇ-ਕੁਰਲਾਉਂਦੇ ਦੱਸਿਆ ਕਿ ਪੱਪੂ ਦੇ ਪਿਤਾ ਨੇ 7-8 ਸਾਲ ਪਹਿਲਾਂ ਮਕਾਨ ਕਿਰਾਏ 'ਤੇ ਲਿਆ ਸੀ। ਮੈਨੂੰ ਉਸ ਸਮੇਂ ਯਕੀਨ ਦਿਵਾਇਆ ਕਿ ਮੈਂ ਆਪਣਾ ਮਕਾਨ ਬਣਾ ਕੇ ਖਾਲੀ ਕਰ ਦੇਵਾਂਗਾ ਪਰ ਮਕਾਨ ਬਣਾਉਣ ਤੋਂ ਬਾਅਦ ਵੀ ਮੇਰਾ ਮਕਾਨ ਖਾਲੀ ਨਹੀਂ ਕੀਤਾ ਅਤੇ ਉਸਦੇ ਪਿਤਾ ਨੇ ਦਬਾਅ ਬਣਾਇਆ ਕਿ ਮਕਾਨ ਪੰਕਜ ਪੱਪੂ ਨੂੰ ਦੇ ਦਿੱਤਾ ਜਾਵੇ। ਹੁਣ ਲਗਾਤਾਰ 3-4 ਸਾਲਾਂ ਤੋਂ ਮੈਂ ਮਕਾਨ ਖਾਲੀ ਕਰਨ ਲਈ ਕਹਿ ਰਹੀ ਹਾਂ ਪਰ ਪੰਕਜ ਵੱਲੋਂ ਮੈਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਮੇਰਾ ਕੁਝ ਸਾਮਾਨ ਇਸ ਮਕਾਨ ਵਿਚ ਪਿਆ ਹੈ, ਫਿਰ ਵੀ ਮੈਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਸੁਸ਼ਮਾ ਨੇ ਦੱਸਿਆ ਕਿ ਮੈਂ ਇਸ ਸਮੇਂ ਆਪਣੀ ਮਾਂ ਕੋਲ ਸੰਗਰੂਰ ਰਹਿ ਰਹੀ ਹਾਂ। ਵਿਧਵਾ ਸੁਸ਼ਮਾ ਨੇ ਦੱਸਿਆ ਕਿ ਮੇਰੇ ਦੋ ਬੱਚੇ ਹਨ। ਮੈਂ 2200 ਰੁਪਏ ਪ੍ਰਤੀ ਮਹੀਨਾ ਸੰਨ 2009 ਵਿਚ ਮਕਾਨ ਕਿਰਾਏ 'ਤੇ ਦਿੱਤਾ ਸੀ ਪਰ ਪਿਛਲੇ 3 ਸਾਲਾਂ ਤੋਂ ਪੱਪੂ ਸਿਰਫ ਲਾਅਰਾ-ਲੱਪਾ ਲਾ ਰਿਹਾ ਹੈ। ਹੁਣ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ, ਜਿਸ ਸਬੰਧੀ ਐੈੱਸ. ਐੈੱਸ. ਪੀ. ਪਟਿਆਲਾ ਡਾ. ਭੂਪਤੀ ਨੂੰ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਵਾ ਨੇ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਮੁੱਖ ਮੰਤਰੀ ਨਿਵਾਸ ਅੱਗੇ ਧਰਨਾ ਦੇਵਾਂਗੀ।
ਦੂਜੇ ਪਾਸੇ ਪੰਕਜ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕਿਰਾਇਆ ਰਾਸ਼ੀ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਰਿਹਾ ਹਾਂ। ਪੰਕਜ ਨੇ ਦੱਸਿਆ ਕਿ ਮੈਨੂੰ ਮਕਾਨ ਮਾਲਕਣ ਪ੍ਰੇਸ਼ਾਨ ਕਰ ਰਹੀ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਕਜ ਪੱਪੂ ਦਾ ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ, ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਤੇ ਪੰਜਾਬ ਭਾਜਪਾ ਦੇ ਸਾਬਕਾ ਐਗਜ਼ੈਕਟਿਵ ਮੈਂਬਰ ਓਮ ਪ੍ਰਕਾਸ਼ ਨਾਲ ਵੀ ਵਾਦ-ਵਿਵਾਦ ਚਰਚਾ ਦਾ ਕੇਂਦਰ ਬਣ ਚੁੱਕਾ ਹੈ।