ਡੀ. ਜੇ. ’ਤੇ ਗਾਣਾ ਬਦਲਣ ਨੂੰ ਲੈ ਕੇ 2 ਧਿਰਾਂ ’ਚ ਲੜਾਈ, 7 ਜ਼ਖ਼ਮੀ

Friday, Oct 18, 2024 - 05:12 PM (IST)

ਡੀ. ਜੇ. ’ਤੇ ਗਾਣਾ ਬਦਲਣ ਨੂੰ ਲੈ ਕੇ 2 ਧਿਰਾਂ ’ਚ ਲੜਾਈ, 7 ਜ਼ਖ਼ਮੀ

ਅਬੋਹਰ (ਸੁਨੀਲ) : ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਡੰਗਰਖੇੜਾ ਵਿਖੇ ਬੀਤੀ ਰਾਤ ਡੀਜੇ ’ਤੇ ਗਾਣਾ ਬਦਲਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਲੜਾਈ ’ਚ 7 ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਇੱਕ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜੇਰੇ ਇਲਾਜ ਰਮੇਸ਼ ਕੁਮਾਰ, ਰਾਜੇਸ਼ ਕੁਮਾਰ ਅਤੇ ਸੁਰੇਸ਼ ਪੁੱਤਰ ਰਾਧੇ ਸ਼ਿਆਮ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਰਿਸ਼ਤੇਦਾਰ ਮੁੰਨਾ ਲਾਲ ਦੇ ਘਰ ਪਾਰਟੀ ਸੀ, ਜਿਸ ਵਿੱਚ ਡੀਜੇ ਵੱਜ ਰਿਹਾ ਸੀ। ਜਦੋਂ ਸੁਰੇਸ਼ ਨੇ ਉੱਥੇ ਚੱਲ ਰਿਹਾ ਗੀਤ ਬਦਲਣ ਦੀ ਮੰਗ ਕੀਤੀ ਤਾਂ ਉੱਥੇ ਮੌਜੂਦ ਰੋਹਿਤ ਕੁਮਾਰ ਨਾਂ ਦੇ ਨੌਜਵਾਨ ਨੇ ਉਸ ਨਾਲ ਗਾਲੀ-ਗਲੋਚ ਕੀਤਾ।

ਇਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਜਦੋਂ ਮਾਮਲਾ ਸ਼ਾਂਤ ਹੋਇਆ ਅਤੇ ਉਹ ਘਰ ਚਲੇ ਗਏ ਤਾਂ ਕੁੱਝ ਸਮੇਂ ਬਾਅਦ ਰੋਹਿਤ ਆਪਣੇ 15-20 ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦੋਂ ਰਾਜੇਸ਼, ਰਮੇਸ਼ ਅਤੇ ਮੋਹਨ ਲਾਲ ਪੁੱਤਰ ਲਾਲਚੰਦ, ਜਗਤ ਪੁੱਤਰ ਰਾਜਾਰਾਮ ਅਤੇ ਰਿੰਪੀ ਪਤਨੀ ਸੁਰੇਸ਼ ਬਚਾਅ ’ਚ ਆਏ ਤਾਂ ਉਨ੍ਹਾ ਨੇ ਸਾਰਿਆਂ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ।
ਦੂਸਰੀ ਧਿਰ ਦੇ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਨੂੰ ਵੀ ਮੁੰਨਾਲਾਲ ਦੇ ਘਰ ਚੱਲ ਰਹੇ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ ਅਤੇ ਉਹ ਆਪਣੇ ਦੋਸਤ ਬ੍ਰਿਜਲਾਲ ਨਾਲ ਪਾਰਟੀ ਵਿੱਚ ਗਿਆ ਹੋਇਆ ਸੀ, ਜਿੱਥੇ ਉਸ ਨੇ ਡੀ. ਜੇ. ਚਾਲਕਾਂ ਨੂੰ ਗੀਤ ਬਦਲਣ ਲਈ ਕਿਹਾ ਤਾਂ ਪਹਿਲੀ ਧਿਰ ਨੇ ਉਸ ਅਤੇ ਬ੍ਰਿਜਲਾਲ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਵਿਚਕਾਰ ਲੜਾਈ ਹੋ ਗਈ ਅਤੇ ਪਹਿਲੀ ਧਿਰ ਨੇ ਪੁਲਸ ਨੂੰ ਬੁਲਾਇਆ, ਜੋ ਬ੍ਰਿਜਲਾਲ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ, ਜਦੋਂ ਕਿ ਉਸ ਨੂੰ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ।


author

Babita

Content Editor

Related News