ਛਪੇ ਰਹਿ ਗਏ ਵਿਆਹ ਦੇ ਕਾਰਡ, ਕਰਜ਼ਾ ਚੁੱਕ ਕੈਨੇਡਾ ਭੇਜੀ ਮੰਗੇਤਰ ਦੇ ਸੁਨੇਹੇ ਨੇ ਮੁੰਡੇ ਨੂੰ ਕੀਤਾ ਕੱਖੋਂ ਹੌਲਾ
Thursday, Jan 19, 2023 - 06:00 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਨੌਜਵਾਨ ਦੀ ਕੈਨੇਡਾ ਗਈ ਮੰਗੇਤਰ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਦਰਅਸਲ ਭਲਾਈਆਣਾ ਦੇ ਨੌਜਵਾਨ ਗੁਰਵਿੰਦਰ ਸਿੰਘ ਦੀ ਮੰਗਣੀ ਕਰੀਬ ਡੇਢ ਸਾਲ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੀ ਕੁੜੀ ਨਾਲ ਹੋਈ ਸੀ। ਜਾਣਕਾਰੀ ਮੁਤਾਬਕ ਕੁੜੀ ਨੇ ਆਈਲੈਟਸ ਕੀਤੀ ਸੀ ਤੇ ਉਹ ਕੈਨੇਡਾ ਜਾਣਾ ਚਾਹੁੰਦੀ ਸੀ। ਮੰਗਣੀ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਸਲਾਹ ਕੀਤੀ ਅਤੇ ਇਹ ਫ਼ੈਸਲਾ ਲਿਆ ਕੇ ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੁੜੀ ਦੇ ਕੈਨੇਡਾ ਜਾਣ ਦਾ ਸਾਰਾ ਖ਼ਰਚਾ ਚੁੱਕਿਆ ਜਾਵੇਗਾ ਤੇ ਕੁਝ ਸਮੇਂ ਬਾਅਦ ਉਹ ਪੰਜਾਬ ਆ ਕੇ ਗੁਰਵਿੰਦਰ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਕੈਨੇਡਾ ਲੈ ਜਾਵੇਗੀ। ਕੀਤੇ ਵਾਅਦੇ ਮੁਤਾਬਕ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਕੁੜੀ ਦੇ ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਕੀਤਾ ਗਿਆ ਤੇ ਉਹ ਕੈਨੇਡਾ ਚੱਲ ਗਈ। ਕਾਲਜ ਦੀ ਫੀਸ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦੀ ਟਿਕਟ ਦਾ ਖ਼ਰਚਾ ਗੁਰਵਿੰਦਰ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇੱਥੇ ਤੱਕ ਕੀ ਕੁੜੀ ਦੀ ਦੂਜੇ ਸਾਲ ਦੀ ਕਾਲਜ ਦੀ ਫ਼ੀਸ ਵੀ ਦੇ ਦਿੱਤੀ ਗਈ। ਇਸ ਦੌਰਾਨ ਕੁੜੀ ਨੌਜਵਾਨ ਦੇ ਪਰਿਵਾਰ ਨਾਲ ਵਧੀਆ ਢੰਗ ਨਾਲ ਗੱਲ ਕਰਦੀ ਰਹੀ।
ਇਹ ਵੀ ਪੜ੍ਹੋ- ਘਰ 'ਚ ਵਿਛੇ ਸੱਥਰ, ਦੋਸਤ ਦਾ ਜਨਮਦਿਨ ਮਨਾਉਣ ਗਏ ਨੌਜਵਾਨ ਦੀ ਦਿਨ ਚੜ੍ਹਦੇ ਹੀ ਮਿਲੀ ਲਾਸ਼
ਫਿਰ ਕਰੀਬ ਡੇਢ ਸਾਲ ਬਾਅਦ ਕੁੜੀ ਦੇ ਪੰਜਾਬ ਪਰਤਨ ਦੀ ਗੱਲ ਚੱਲੀ ਤੇ ਦੋਵੇਂ ਪਰਿਵਾਰਾਂ ਨੇ ਸਹਿਮਤੀ ਨਾਲ ਵਿਆਹ ਦੀ ਤਾਰੀਖ਼ 25 ਦਸੰਬਰ 2022 ਪੱਕੀ ਕਰ ਦਿੱਤੀ। ਫਿਰ ਗੁਰਵਿੰਦਰ ਦੇ ਪਰਿਵਾਰ ਨੇ ਕੁੜੀ ਦੇ ਪੰਜਾਬ ਆਉਣ ਦੀ ਹਵਾਈ ਟਿਕਟ ਵੀ ਕਰਵਾ ਕੇ ਦਿੱਤੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਵਿਆਹ ਦੇ ਕਰੀਬ 20 ਦਿਨ ਪਹਿਲਾਂ ਕੈਨੇਡਾ ਬੈਠੀ ਕੁੜੀ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਸਭ ਦੇਖ ਕੇ ਗੁਰਵਿੰਦਰ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਰ ਉਨ੍ਹਾਂ ਵਿਚੋਲਿਆਂ ਸਮੇਤ ਕੁੜੀ ਦੇ ਘਰ ਜਾ ਕੇ ਕੁੜੀ ਦੇ ਪਰਿਵਾਰ ਨਾਲ ਗੱਲ ਕੀਤੀ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਕੱਢੀ ਭੜਾਸ, ਲੋਹਾ-ਲਾਖਾ ਹੋਏ ਨੇ ਕਹੀਆਂ ਵੱਡੀਆਂ ਗੱਲਾਂ
ਇਸ ਬਾਰੇ ਗੱਲ ਕਰਦਿਆਂ ਗੁਰਵਿੰਦਰ ਸਿੰਘ ਦੇ ਪਿਤਾ ਘੁੱਕਰ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਆਪਣੀਆਂ ਮਸ਼ੀਨਾਂ ਵੇਚ ਕੇ ਤੇ ਬੈਂਕ ਤੋਂ ਕਰਜ਼ਾ ਚੁੱਕ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਪਰ ਉਨ੍ਹਾਂ ਨੇ ਸਾਡਾ ਵਿਸ਼ਵਾਸ ਤੋੜ ਕੇ ਸਾਡੇ ਨਾਲ ਧ੍ਰੋਹ ਕਮਾਇਆ ਹੈ। ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ 'ਤੇ ਥਾਣਾ ਪੁਲਸ ਕੋਟਭਾਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਮੰਗਣੀ ਦੀਆਂ ਤਸਵੀਰਾਂ, ਕਾਲਜ ਦੀ ਫੀਸ ਦੀਆਂ ਰਸੀਦਾਂ ਤੋਂ ਹੋਰ ਵੀ ਕਈ ਸਬੂਤ ਪਏ ਹਨ ਤੇ ਪੁਲਸ ਨੂੰ ਸਖ਼ਤ ਤੋਂ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।