ਸਤਲੁਜ ਦਰਿਆ ''ਚ ਕਿਸਾਨ ਦੀ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਕਿਸ਼ਤੀ ਸਮੇਤ ਡੁੱਬੀ
Sunday, Oct 22, 2017 - 06:17 PM (IST)
ਫਿਰੋਜ਼ਪੁਰ(ਸੰਨੀ)— ਇਥੋਂ ਦੇ ਸਤਲੁਜ ਦਰਿਆ 'ਚ ਸ਼ਨੀਵਾਰ ਦੀ ਸ਼ਾਮ ਇਕ ਕਿਸਾਨ ਦੀ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਕਿਸ਼ਤੀ ਸਮੇਤ ਡੁੱਬ ਗਈ ਸੀ। ਇਹ ਘਟਨਾ ਬੀਤਣ ਦੇ 24 ਘੰਟੇ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਦੀ ਸ਼ਾਮ 5 ਵਜੇ ਦੇ ਕਰੀਬ ਪਿੰਡ ਕਾਲੂ ਵਾਲਾ 'ਚ ਇਕ ਕਿਸਾਨ ਜਸਵੰਤ ਸਿੰਘ ਝੋਨੇ ਦੀ ਫਸਲ ਨਾਲ ਭਰੀ ਆਪਣੀ ਟਰੈਕਟਰ-ਟਰਾਲੀ ਆਪਣੇ ਪਿਤਾ ਜੋਗਿੰਦਰ ਸਿੰਘ ਅਤੇ ਆਪਣੇ ਇਕ 10 ਸਾਲ ਦੇ ਬੱਚੇ ਨਾਲ ਪਿੰਡ ਕਾਲੂ ਵਾਲਾ ਸਤਲੁਜ ਦਰਿਆ 'ਚ ਵੱਡੀ ਕਿਸ਼ਤੀ 'ਤੇ ਰੱਖ ਕੇ ਫਿਰੋਜ਼ਪੁਰ ਸ਼ਹਿਰ ਦੀ ਕਣਕ ਮੰਡੀ 'ਚ ਫਸਲ ਨੂੰ ਵੇਚਣ ਲਈ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਕਿਸ਼ਤੀ ਦੇ ਨਾਲ ਹੀ ਟਰੈਕਟਰ-ਟਰਾਲੀ ਡੁੱਬ ਗਈ। ਗਨੀਮਤ ਇਹ ਰਹੀ ਕਿ ਨੇੜੇ ਦੇ ਲੋਕਾਂ ਨੇ ਕਿਸਾਨ ਜਸਵੰਤ ਸਿੰਘ ਉਸ ਦੇ ਪਿਤਾ ਜੋਗਿੰਦਰ ਸਿੰਘ ਅਤੇ ਉਸ ਦੇ 10 ਸਾਲ ਦੇ ਬੱਚੇ ਨੂੰ ਸਖਤ ਮਿਹਨਤ ਦੌਰਾਨ ਸਤਲੁਜ 'ਚ ਡੁੱਬਣ ਤੋਂ ਬਚਾ ਲਿਆ। ਇਸ ਘਟਨਾ ਦੇ ਬਾਰੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਪਰ 24 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ।

ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਦੇਸ਼ ਤਰੱਕੀ ਦੀ ਰਾਹ 'ਤੇ ਹੈ ਅਤੇ ਦੇਸ਼ 'ਚ ਜਲਦੀ ਹੀ ਬੁਲੇਟ ਟਰੇਨ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਦੇ ਕੁਝ ਹਿੱਸੇ ਅਜਿਹੇ ਵੀ ਹਨ, ਜਿੱਥੇ ਆਜ਼ਾਦੀ ਦੇ 70 ਸਾਲ ਬੀਤ ਜਾਣ 'ਤੇ ਵੀ ਵਿਕਾਸ ਦਾ ਕੋਈ ਨਾਂ ਨਹੀਂ ਹੈ। ਹਰ ਚੋਣਾਂ 'ਚ ਸਤਲੁਜ ਦਰਿਆ ਦੇ ਪਾਰ ਕਈ ਪਿੰਡਾਂ ਦੇ ਲੋਕਾਂ ਨੂੰ ਸਤਲੁਜ 'ਤੇ ਪੁਲ ਬਣਵਾ ਕੇ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕਈ ਸਾਲ ਬੀਤ ਗਏ ਪਰ ਕੋਈ ਚੋਣ ਅਜੇ ਤੱਕ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਇਨ੍ਹਾਂ ਕਿਸ਼ਤੀਆਂ ਤੋਂ ਆਉਂਦੇ-ਜਾਂਦੇ ਹਨ।
ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਬੁਆਨਾ ਦਾ ਰਹਿਣਾ ਵਾਲਾ ਹੈ ਅਤੇ ਆਪਣੀ ਟਰੈਕਟਰ-ਟਰਾਲੀ 'ਤੇ ਝੋਨੇ ਦੀ ਫਸਲ ਨੂੰ ਕਿਸ਼ਤੀ ਰਾਹੀਂ ਸਤਲੁਜ 'ਤੇ ਸ਼ਹਿਰ ਦੀ ਮੰਡੀ 'ਚ ਵੇਚਣ ਲਈ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਸਤਾ ਟੁੱਟਣ ਨਾਲ ਕਿਸ਼ਤੀ ਸਮੇਤ ਟਰੈਕਟਰ-ਟਰਾਲੀ ਡੁੱਬ ਗਈ ਅਤੇ ਸਾਨੂੰ ਤਿੰਨਾਂ ਨੂੰ ਲੋਕਾਂ ਨੇ ਬਚਾਇਆ। ਉਨ੍ਹਾਂ ਨੇ ਕਿਹਾ ਕਿ ਟਰੈਕਟਰ-ਟਰਾਲੀ ਡੁੱਬਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਉਹ ਇਕ ਗਰੀਬ ਕਿਸਾਨ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਉਥੇ ਹੀ ਨੰਬਰਦਾਰ ਬਚਨ ਸਿੰਘ ਨੇ ਕਿਹਾ ਕਿ ਉਹ ਹਰ ਚੋਣਾਂ 'ਚ ਇਸ ਸਤਲੁਜ ਦਰਿਆ 'ਤੇ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਅੱਜ ਤੱਕ ਭਰੋਸਾ ਦਿਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
