ਦਿੱਲੀ ਟਿੱਕਰੀ ਬਾਰਡਰ ''ਤੇ ਫਿਰੋਜ਼ਪੁਰ ਦੇ ਕਿਸਾਨ ਸਨਮਾਨਿਤ

2021-06-23T19:53:36.83

ਫ਼ਿਰੋਜ਼ਪੁਰ(ਹਰਚਰਨ ਸਿੰਘ ਸਾਮਾਂ ਬਿੱਟੂ)- ਖੇਤੀ ਵਿਰੋਧੀ ਕਾਲੇ ਬਿੱਲਾਂ ਨੂੰ ਖਾਰਜ ਕਰਵਾਉਣ ਵਾਸਤੇ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਮੋਰਚੇ  ਲਗਾ ਕੇ ਡਟੇ ਹੋਏ ਹਨ, ਇਸ ਤਹਿਤ ਬਹੁਤੇ ਕਿਸਾਨ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੇ ਇਸ ਲੰਮੇ ਸਮੇਂ ਦੇ ਅੰਦੋਲਨ ਦੌਰਾਨ ਇੱਕ ਵਾਰ ਵੀ ਆਪਣੇ ਘਰ ਜਾਂ ਪਿੰਡ ਦਾ ਗੇੜਾ ਨਹੀਂ ਲਾਇਆ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਲਾਗਲੇ ਪਿੰਡ ਹਾਕੇ ਗਾਮੇ ਵਾਲਾ ਤੋਂ ਕਿਸਾਨ ਬਖਸ਼ੀਸ਼ ਸਿੰਘ ਅਤੇ ਪਿੰਡ ਸ਼ਾਹਦੀਨ ਵਾਲਾ ਤੋਂ ਕਿਸਾਨ ਸੁਖਬਾਜ ਸਿੰਘ ਜੋ ਕੇ ਮੋਰਚੇ ਦੇ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਦਿੱਲੀ ਦੇ ਟਿਕਰੀ ਬਾਰਡਰ 'ਤੇ ਡਟੇ ਹੋਏ ਹਨ। ਜ਼ਿਕਰਯੋਗ ਹੈ ਕਿ ਕਿਸਾਨ ਸੁਖਬਾਜ ਸਿੰਘ ਇਸ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਆਹ ਸ਼ਾਦੀਆਂ ਦੀਆਂ ਰਸਮਾਂ 'ਤੇ ਸ਼ਾਮਲ ਹੋਣ ਵਾਸਤੇ ਵੀ ਆਪਣੇ ਪਿੰਡ ਨਹੀਂ ਪਹੁੰਚ ਸਕਿਆ। ਇਹ ਕਿਸਾਨ ਰੋਜ਼ਾਨਾ ਮੋਰਚੇ ਵਿਚ ਸ਼ਾਮਲ ਕਿਸਾਨਾਂ ਵਾਸਤੇ ਲੰਗਰ ਤੇ ਚਾਹ ਪਾਣੀ ਆਦਿ ਦੀ ਸੇਵਾ ਕਰ ਰਹੇ ਹਨ। ਪਿੰਡ ਨੂਰਪੁਰ ਸੇਠਾਂ ਦੇ ਏ.ਸੀ. ਕੈਬਿਨ ਵਿੱਚ ਰਹਿ ਰਹੇ ਇਹ ਕਿਸਾਨ ਪਿਛਲੇ ਕਰੀਬ 6-7 ਮਹੀਨਿਆਂ ਤੋਂ ਕਿਸਾਨ ਮੋਰਚੇ ਵਿਚ ਡਟੇ ਹੋਏ ਹਨ, ਇਨ੍ਹਾਂ ਕਿਸਾਨਾਂ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ।  ਕਿਸਾਨ ਸੁਖਪਾਲ ਸਿੰਘ ਅਤੇ ਕਿਸਾਨ ਬਖਸ਼ੀਸ਼ ਸਿੰਘ ਦੀ ਕਿਸਾਨ ਮੋਰਚੇ ਨੂੰ ਦਿੱਤੀ ਹੋਈ ਦੇਣ ਨੂੰ ਮੁੱਖ ਰਖਦਿਆਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਉਪਰੋਕਤ ਦੋਨਾਂ ਕਿਸਾਨ ਆਗੂਆਂ ਦਾ ਦਿੱਲੀ ਟਿਕਰੀ ਬਾਰਡਰ ਦੀ ਮੁੱਖ ਸਟੇਜ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੀ ਅਤੇ ਕਾਲੇ ਬਿੱਲ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਦਿੱਲੀ ਦੇ ਬਾਰਡਰਾਂ ਤੇ ਡਟੇ ਰਹਿਣਗੇ।


Bharat Thapa

Content Editor Bharat Thapa