ਫਿਰੋਜ਼ਪੁਰ: ਸਕੂਲੀ ਬੱਚਿਆਂ ਨੂੰ ਲਿਜਾ ਰਿਹੈ ਆਟੋ ਰਿਕਸ਼ੇ ’ਤੇ ਚੜ੍ਹੀ ਟਰਾਲੀ, ਹਾਦਸੇ ’ਚ ਵਾਲ-ਵਾਲ ਬਚੇ ਬੱਚੇ
Tuesday, Nov 16, 2021 - 12:27 PM (IST)
ਫ਼ਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ’ਚ ਅੱਜ ਸਵੇਰੇ ਕਰੀਬ ਸਵਾ 9 ਵਜੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਆਟੋ ਰਿਕਸ਼ਾ ਜਨਕ ਹੋਟਲ ਸਾਹਮਣੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਕਰੀਬ 8-9 ਬੱਚੇ ਸਵਾਰ ਸਨ। ਇਸ ਹਾਦਸੇ ’ਚ ਆਟੋ ’ਚ ਬੈਠੇ ਸਾਰੇ ਬੱਚੇ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਸ਼ਰਮਾ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸ਼ਰਮਾ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਇਆ ਆਟੋ ਰਿਕਸ਼ਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਇਕ ਪਾਸਿਓਂ ਬੱਸ ਅਤੇ ਦੂਸਰੇ ਪਾਸਿਓਂ ਟਰੈਕਟਰ ਟਰਾਲੀ ਆ ਰਹੀ ਸੀ। ਸਾਹਮਣੇ ਹੋ ਆ ਰਹੀ ਟਰਾਲੀ ਆਟੋ ਰਿਕਸ਼ਾ ਦੇ ਉੱਪਰ ਜਾ ਚੜ੍ਹੀ, ਜਿਸ ਕਾਰਨ ਆਟੋ ’ਚ ਸਵਾਰ ਬੱਚੇ ਟਰਾਲੀ ਦੇ ਹੇਠਾਂ ਆ ਗਏ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤਕ ਆਟੋ ਵਿੱਚ ਸਵਾਰ ਕਿਸੇ ਵੀ ਬੱਚੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਆਈ। ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਸਾਹਮਣੇ ਵਾਲੇ ਪਾਸਿਓ ਬੱਸ ਅਤੇ ਦੂਸਰੇ ਪਾਸਿਓਂ ਟਰੈਕਟਰ ਟਰਾਲੀ ਆਉਣ ਕਾਰਨ ਇਹ ਹਾਦਸਾ ਹੋਇਆ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਆਟੋ ਰਿਕਸ਼ਾ ਚਾਲਕ ਜਲਦੀ ਵਿਚ ਸੀ, ਜੋ ਬੱਸ ਅਤੇ ਟਰੈਕਟਰ ਦੇ ਵਿਚਕਾਰ ਫਸ ਗਿਆ।