‘ਆਪ’ ਦੀ ਜਿੱਤ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਆਗੂਆਂ ਦੀ ਸੋਚ ਵੀ ਬਦਲੇਗੀ

02/12/2020 2:52:42 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ) - ਦਿੱਲੀ ਵਿਚ ‘ਆਪ’ ਦੀ ਤੀਜੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਨ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ। ‘ਆਪ’ ਦੀ ਇਹ ਜਿੱਤ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਰਾਜਨੀਤੀ ’ਚ ਵੀ ਹਲਚਲ ਮਚਾਏਗੀ ਕਿਉਂਕਿ ਦਿੱਲੀ ਦੀ ਪੜ੍ਹੀ-ਲਿਖੀ ਜਨਤਾ ਨੇ ਪੂਰੇ ਵਿਸ਼ਵ ਨੂੰ ਆਪਣੇ ਵੋਟ ਦੇ ਅਧਿਕਾਰ ਨਾਲ ਸੁਨੇਹਾ ਦਿੱਤਾ ਹੈ ਕਿ ਜਨਤਾ ਦੇ ਨਾਲ ਝੂਠ, ਫਰੇਬ, ਪੈਸਾ, ਸ਼ਰਾਬ, ਗੁੰਡਾਗਰਦੀ, ਦੰਗੇ ਭੜਕਾ ਕੇ ਸੱਤਾ ਹਾਸਲ ਕਰਨ ਵਾਲੀਆਂ ਪਾਰਟੀਆਂ ਅਤੇ ਆਗੂਆਂ ਦੇ ਦਿਨ ਹੁਣ ਚਲੇ ਗਏ ਹਨ। ਆਮ ਆਦਮੀ ਪਾਰਟੀ ਦੀ ਦਿੱਲੀ ਦੀ ਇਹ ਜਿੱਤ ਸਭ ਤੋਂ ਖਤਰਨਾਕ ਘੰਟੀ (ਘੜਿਆਲ) ਦੀ ਉਹ ਆਵਾਜ਼ ਹੈ, ਜਿਸ ਨੇ 150 ਸਾਲ ਪੁਰਾਣੀ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਬੋਲੀ ਕਰ ਕੇ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ‘ਜਗ ਬਾਣੀ’ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਜਨਤਾ ਵਿਕਾਸ ਕਰਨ ਵਾਲੀ ਪਾਰਟੀ ਦੇ ਨਾਲ ਹੈ, ਨਾ ਕਿ ਸੱਤਾ ਲੈ ਕੇ ਵਪਾਰ ਕਰਨ ਅਤੇ ਲੋਕਾਂ ਦੇ ਵਪਾਰ ਖੋਹਣ ਵਾਲੀਆਂ ਪਾਰਟੀਆਂ ਨਾਲ।

ਦਿੱਲੀ ਚੋਣ ਨਤੀਜਿਆਂ ’ਤੇ ਲੋਕਾਂ ਦੀ ਰਾਇ

ਜਨਤਾ ਨੇ ਸਰਕਾਰ ਵਲੋਂ ਕੀਤੇ ਕੰਮਾਂ ’ਤੇ ਲਾਈ ਮੋਹਰ 
ਰਣਬੀਰ ਸਿੰਘ ਜ਼ਿਲਾ ਪ੍ਰਧਾਨ ਨੇ ਕਿਹਾ ਕਿ 5 ਸਾਲ ’ਚ ਦਿੱਲੀ ਦੇ ਲੋਕਾਂ ਨੇ ਜੋ ਵਿਕਾਸ ਹੁੰਦੇ ਦੇਖੇ ਹਨ, ਉਹ ਪਿਛਲੇ 65 ਸਾਲ ’ਚ ਕਿਸੇ ਨੇ ਨਹੀਂ ਕੀਤੇ ਸਨ। ਜਨਤਾ ਨੇ ਸਰਕਾਰ ਵਲੋਂ ਕੀਤੇ ਗਏ ਕੰਮਾਂ ’ਤੇ ਮੋਹਰ ਲਾਈ ਹੈ, ਨਾ ਕਿ ਕੇਂਦਰ ਅਤੇ ਹੋਰ ਸੂਬਿਆਂ ’ਤੇ ਸ਼ਾਸਨ ਕਰਨ ਵਾਲੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਦੇਖ ਕੇ। ਰਾਜਧਾਨੀ ਦੇ ਚੋਣ ਨਤੀਜਿਆਂ ਨੇ ‘ਆਪ’ ਦੇ ਹਰ ਆਗੂ ਅਤੇ ਵਰਕਰ ’ਚ ਇਕ ਨਵੀਂ ਜਾਨ ਫੂਕੀ ਹੈ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ’ਚ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦਿੱਲੀ ਦੇ ਵਿਕਾਸ ਨੂੰ ਮਾਡਲ ਦੀ ਤਰ੍ਹਾਂ ਅੱਗੇ ਰੱਖ ਚੋਣ ਮੈਦਾਨ ’ਚ ਉਤਰੇਗੀ ਅਤੇ ਜਨਤਾ ਦਾ ਵਿਸ਼ਵਾਸ ਜਿੱਤੇਗੀ।

ਜਨਤਾ ਦਾ ਫੈਸਲਾ ਸਿਰ ਮੱਥੇ ’ਤੇ
ਭਾਜਪਾ ਦੇ ਬੁਲਾਰੇ ਐਡਵੋਕੇਟ ਅਸ਼ਵਨੀ ਧੀਂਗੜਾ ਨੇ ਕਿਹਾ ਕਿ ਜੋ ਜਨਤਾ ਦਾ ਫੈਸਲਾ ਹੈ, ਉਸ ਨੂੰ ਹਰ ਆਗੂ ਅਤੇ ਹਰ ਪਾਰਟੀ ਨੂੰ ਸਵੀਕਾਰ ਕਰਨਾ ਹੀ ਪਵੇਗਾ। ਭਾਰਤੀ ਜਨਤਾ ਪਾਰਟੀ ਨੇ ਸਦਾ ਜਨਤਾ ਦੇ ਹਿੱਤ ਵਿਚ ਕੰਮ ਕੀਤਾ ਹੈ, ਹੁਣ ਵੀ ਕੇਂਦਰ ਸਰਕਾਰ ਜਨਤਾ ਦੇ ਹਿੱਤ ਵਿਚ ਹੀ ਫੈਸਲੇ ਲਵੇਗੀ। ਦਿੱਲੀ ਦੀਆਂ ਚੋਣਾਂ ਨੇ ਇਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕਾਂਗਰਸ ਦਾ ਵੋਟ ਬੈਂਕ ਖਤਮ ਹੋ ਚੁੱਕਾ ਹੈ, ਉਸੇ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ, ਜਦਕਿ ਭਾਜਪਾ ਦਾ ਵੋਟ ਬੈਂਕ ਪਹਿਲਾਂ ਨਾਲੋਂ ਮਜ਼ਬੂਤ ਹੀ ਹੋਇਆ ਹੈ।

ਧਰਮ ਦੀ ਰਾਜਨੀਤੀ ਨੂੰ ਜਨਤਾ ਨੇ ਨਕਾਰਿਆ
ਸੀਨੀਅਰ ਕਾਂਗਰਸੀ ਆਗੂ ਜਾਵੇਦ ਅਖਤਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਚੋਣਾਂ ਨੂੰ ਹਿੰਦੂ-ਮੁਸਲਿਮ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ। ਦਿੱਲੀ ਦੀ ਜਨਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਿੰਦੁਸਤਾਨ ਵਿਚ ਸਭ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਰਹਿੰਦੇ ਹਨ ਅਤੇ ਧਰਮ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਜਨਤਾ ਨੇ ਕਰਾਰਾ ਜਵਾਬ ਦਿੱਤਾ ਹੈ।

ਜਨਤਾ ਦੇਖਦੀ ਹੈ ਕੰਮ, ਭਾਜਪਾ ਦੀ ਸਥਿਤੀ ਸੁਧਰੀ
ਭਾਜਪਾ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਅਸ਼ਵਰੀ ਗਰੋਵਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਹਿੱਤ ਵਿਚ ਲਏ ਗਏ ਫੈਸਲਿਆਂ ਨੂੰ ਆਧਾਰ ਬਣਾ ਕੇ ਚੋਣਾਂ ਲੜੀਆਂ ਅਤੇ ਪਾਰਟੀ ਦੀ ਵੋਟ ਫੀਸਦੀ ਪਿਛਲੀਆਂ ਚੋਣਾਂ ਦੀ ਤੁਲਨਾ ਇਸ ਵਾਰ ਵਧੀ ਹੈ। ਦਿੱਲੀ ਦੀ ਜਨਤਾ ਨੇ ਉਥੇ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਪ੍ਰਮੁੱਖ ਰੱਖਦੇ ਹੋਏ ਵੋਟਿੰਗ ਕੀਤੀ ਹੈ, ਜੋ ਇਹ ਸਪੱਸ਼ਟ ਕਰਦੀ ਹੈ ਕਿ ਕਿਸੇ ਵੀ ਰਾਜ ਵਿਚ ਭਾਵੇਂ ਕੋਈ ਪਾਰਟੀ ਸ਼ਾਸਨ ਕਰ ਰਹੀ ਹੈ, ਉਸ ਨੂੰ ਕੰਮ ਕਰਨਾ ਹੀ ਪਵੇਗਾ ਅਤੇ ਜਨਤਾ ਦਾ ਵਿਸ਼ਵਾਸ ਜਿੱਤਣਾ ਹੀ ਪਵੇਗਾ, ਨਹੀਂ ਤਾਂ ਆਪਣੇ ਲੋਕਤੰਤਰਿਕ ਹੱਕ ਦੀ ਵਰਤੋਂ ਕਰ ਕੇ ਜਨਤਾ ਦਹਾਕਿਆਂ ਤੱਕ ਦੇਸ਼ ’ਤੇ ਰਾਜ ਕਰਨ ਵਾਲੀ ਪਾਰਟੀ ਨੂੰ ਵੀ ਘਰ ਬਿਠਾ ਸਕਦੀ ਹੈ।

ਪਾਰਟੀ ਨੂੰ ਨਹੀਂ, ਕੰਮਾਂ ਨੂੰ ਦੇਖਿਆ ਜਨਤਾ ਨੇ
ਸੀਨੀਅਰ ਐਡਵੋਕੇਟ ਐੱਮ.ਐੱਲ. ਚੁੱਘ ਨੇ ਕਿਹਾ ਕਿ ਰਾਜਧਾਨੀ ਦੇ ਚੋਣ ਨਤੀਜੇ ਸਿੱਧੇ ਤੌਰ ’ਤੇ ਇਸ਼ਾਰਾ ਕਰਦੇ ਹਨ ਕਿ ਲੋਕਤੰਤਰ ਵਿਚ ਜੋ ਜਨਤਾ ਦੀ ਭਲਾਈ ਅਤੇ ਵਿਕਾਸ ਦੇ ਬਾਰੇ ਸੋਚੇਗਾ, ਜਨਤਾ ਉਸੇ ਦਾ ਸਾਥ ਦੇਵੇਗੀ। ਭਵਿੱਖ ਵਿਚ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਰ ਪਾਰਟੀ ਨੂੰ ਜਨਤਾ ’ਤੇ ਫੋਕਸ ਕਰਨਾ ਪਵੇਗਾ।

ਸਿਰਫ ਕਾਗਜ਼ਾਂ ’ਚ ਹੀ ਕੰਮ ਨਹੀਂ ਹੋਣਾ ਚਾਹੀਦਾ
ਆਮ ਆਦਮੀ ਪਾਰਟੀ ਨੇ ਦਿੱਲੀ ’ਚ ਗਰਾਊਂਡ ਲੈਵਲ ’ਤੇ ਕੰਮ ਕਰ ਕੇ ਦਿਖਾਇਆ ਅਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਜ਼ਿਆਦਾਤਰ ਸੂਬਿਆਂ ਵਿਚ ਸਰਕਾਰ ਵੱਲੋਂ ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ, ਸਿਰਫ ਕਾਗਜ਼ਾਂ ਵਿਚ ਹੀ ਕੰਮ ਨਹੀਂ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਨਾਲ-ਨਾਲ ਦੇਸ਼ ਦੀਆਂ 2 ਵੱਡੀਆਂ ਪਾਰਟੀਆਂ ਦੀ ਹਾਰ ਹੋਈ ਹੈ, ਇਸ ’ਤੇ ਸਾਰੇ ਸੂਬਿਆਂ ਵਿਚ ਸ਼ਾਸਨ ਕਰ ਰਹੀਆਂ ਪਾਰਟੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਸਿੱਖਿਆ, ਸਿਹਤ ਅਤੇ ਟੈਕਸਾਂ ਵਿਚ ਛੋਟ ਵਰਗੀਆਂ ਸਹੂਲਤਾਂ ਜਨਤਾ ਨੂੰ ਦੇਣੀਆਂ ਪੈਣਗੀਆਂ। ਪੰਜਾਬ ਦੇ ਲੋਕ ਇਸ ਸਮੇਂ ਦੇਸ਼ ਵਿਚ ਸਭ ਤੋਂ ਮਹਿੰਗੀ ਦਰ ’ਤੇ ਬਿਜਲੀ ਵਰਤ ਰਹੇ ਹਨ, ਸੂਬਾ ਸਰਕਾਰ ਇਸ ਦੇ ਪ੍ਰਤੀ ਜ਼ਰਾ ਵੀ ਗੰਭੀਰ ਨਹੀਂ ਹੈ। ਇਸੇ ਤਰ੍ਹਾਂ ਜਨਤਾ ਦੇ ਆਰਥਕ ਸ਼ੋਸ਼ਣ ਦਾ ਕਾਰਣ ਬਣ ਰਹੇ ਹੋਰ ਤੱਥ ਵੀ ਚੋਣਾਂ ’ਚ ਸੱਤਾ ’ਤੇ ਕਾਬਜ਼ ਪਾਰਟੀਆਂ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੰਦੇ ਹਨ।


rajwinder kaur

Content Editor

Related News