ਫਿਰੋਜ਼ਪੁਰ ਨਗਰ ਕੌਂਸਲ ਚੋਣਾਂ : ਸਵੇਰੇ ਹੀ ਪੋਲਿੰਗ ਬੂਥਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ, ਗਰਮੀ ਤੋਂ ਬਚਣ ਲਈ...
Tuesday, May 26, 2026 - 09:35 AM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਜ਼ਿਲ੍ਹੇ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਸਵੇਰੇ ਹੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਵੇਰੇ 8 ਵਜੇ ਤੋਂ ਹੀ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਖ-ਵੱਖ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕਤੰਤਰ ਦੇ ਇਸ ਤਿਉਹਾਰ 'ਚ ਨੌਜਵਾਨਾਂ ਦੇ ਨਾਲ-ਨਾਲ 80 ਤੋਂ 90 ਸਾਲ ਦੇ ਬਜ਼ੁਰਗ ਵੀ ਪੂਰੇ ਜੋਸ਼ ਨਾਲ ਵੋਟ ਪਾਉਣ ਪਹੁੰਚ ਰਹੇ ਹਨ। ਗਰਮੀ ਤੋਂ ਬਚਣ ਲਈ ਲੋਕਾਂ ਵਲੋਂ ਸਵੇਰੇ ਹੀ ਆਪਣੀ ਵੋਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਚੋਣ ਮੈਦਾਨ ਦੀ ਸਥਿਤੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਚੋਣਾਂ ਲਈ ਕੁੱਲ 281 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ ਫਿਰੋਜ਼ਪੁਰ ਤੋਂ 138, ਜ਼ੀਰਾ ਤੋਂ 87 ਅਤੇ ਤਲਵੰਡੀ ਭਾਈ ਤੋਂ 56 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪ੍ਰਸ਼ਾਸਨ ਵੱਲੋਂ ਸੁਚਾਰੂ ਵੋਟਿੰਗ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਫਿਰੋਜ਼ਪੁਰ ਦੇ 33 ਵਾਰਡਾਂ ਲਈ 85 ਪੋਲਿੰਗ ਬੂਥ, ਤਲਵੰਡੀ ਭਾਈ ਦੇ 13 ਵਾਰਡਾਂ ਲਈ 16 ਪੋਲਿੰਗ ਬੂਥ ਅਤੇ ਜ਼ੀਰਾ ਦੇ 17 ਵਾਰਡਾਂ ਲਈ 31 ਪੋਲਿੰਗ ਬੂਥ ਬਣਾਏ ਗਏ ਹਨ। ਵੋਟ ਪਾਉਣ ਆਏ ਬਜ਼ੁਰਗਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟ ਪਾਉਣ ਵੇਲੇ ਸਿਰਫ ਵਿਕਾਸ ਨੂੰ ਹੀ ਮੁੱਖ ਰੱਖਣਾ ਚਾਹੀਦਾ ਹੈ ਤਾਂ ਜੋ ਇਲਾਕੇ ਦੀ ਤਰੱਕੀ ਹੋ ਸਕੇ। ਵੋਟਰਾਂ ਨੇ ਦੂਜਿਆਂ ਨੂੰ ਵੀ ਅਪੀਲ ਕੀਤੀ ਕਿ ਦਿਨ ਵੇਲੇ ਵੱਧਣ ਵਾਲੀ ਗਰਮੀ ਤੋਂ ਬਚਣ ਲਈ ਸਵੇਰੇ ਜਲਦੀ ਹੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ
ਕੁੱਲ 1,20,271 ਵੋਟਰ ਪਾਉਣਗੇ ਵੋਟ
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਚੋਣਾਂ 'ਚ 1,20,271 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ 'ਚ 57,217 ਮਰਦ, 63,049 ਔਰਤਾਂ ਅਤੇ 5 ਅਦਰ ਵੋਟਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਦੱਸਿਆ ਕਿ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
