ਫਿਰੋਜ਼ਪੁਰ ਨਗਰ ਪੰਚਾਇਤ ਚੋਣਾਂ ਦੀ ਨਾਮਜ਼ਦਗੀ ਦੌਰਾਨ ਚੱਲੀਆਂ ਗੋਲੀਆਂ, ਮੌਕੇ ''ਤੇ ਭਖਿਆ ਮਾਹੌਲ
Thursday, Jun 25, 2026 - 04:57 PM (IST)
ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦਗੀ ਭਰਨ ਦੌਰਾਨ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਹੱਥੋਪਾਈ ਹੋ ਗਈ ਅਤੇ ਮਾਮਲਾ ਪੂਰੀ ਤਰ੍ਹਾਂ ਭਖ ਗਿਆ। ਮਾਹੌਲ ਇੰਨਾ ਜ਼ਿਆਦਾ ਤਣਾਅਪੂਰਨ ਹੋ ਗਿਆ ਕਿ ਗੋਲੀਆਂ ਤੱਕ ਚੱਲ ਗਈਆਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਦਰਅਸਲ ਗੁਰਪ੍ਰੀਤ ਸੇਖੋਂ ਵਲੋਂ ਦੋਸ਼ ਲਾਇਆ ਗਿਆ ਕਿ ਕਾਂਗਰਸੀ ਵਰਕਰਾਂ ਵਲੋਂ ਨਾਮਜ਼ਦਗੀ ਕੇਂਦਰ ਬਾਹਰ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਗੁਰਪ੍ਰੀਤ ਸੇਖੋਂ ਨੇ ਕਾਂਗਰਸੀ ਵਰਕਰਾਂ 'ਤੇ ਹਮਲਾ ਕਰਵਾਇਆ ਅਤੇ ਗੋਲੀਆਂ ਵੀ ਚਲਾਈਆਂ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵਲੋਂ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਹੌਲ ਖ਼ਰਾਬ ਕਰਨ ਵਾਲੇ ਅਤੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
