ਕੈਂਟਰ ਹੇਠਾਂ ਆਉਣ ਨਾਲ ਔਰਤ ਦੀ ਮੌਤ

Wednesday, Feb 14, 2018 - 12:04 AM (IST)

ਕੈਂਟਰ ਹੇਠਾਂ ਆਉਣ ਨਾਲ ਔਰਤ ਦੀ ਮੌਤ

ਭੂੰਗਾ/ਗੜ੍ਹਦੀਵਾਲਾ/ਹਰਿਆਣਾ, (ਭਟੋਆ, ਰਾਜਪੂਤ)- ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਬੱਸ ਅੱਡਾ ਭੂੰਗਾ ਵਿਖੇ ਹੋਏ ਸੜਕ ਹਾਦਸੇ 'ਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 1 ਵਜੇ ਸ਼ਰਧਾ ਰਾਣੀ (43) ਪਤਨੀ ਹੇਮ ਰਾਜ ਸ਼ਰਮਾ ਵਾਸੀ ਪਿੰਡ ਘੁਘਿਆਲ ਆਪਣੇ ਲੜਕੇ ਨਾਲ ਪਲੇਜ਼ਰ ਸਕੂਟਰੀ ਨੰ. ਪੀ ਬੀ-07-ਯੂ-7905 'ਤੇ ਗੜ੍ਹਦੀਵਾਲਾ ਤੋਂ ਆਪਣੇ ਪਿੰਡ ਨੂੰ ਆ ਰਹੀ ਸੀ। ਜਦੋਂ ਉਹ ਬੱਸ ਅੱਡਾ ਭੂੰਗਾ ਵਿਖੇ ਪਹੁੰਚੇ ਤਾਂ ਪਿੱਛਿਓਂ ਆ ਰਹੇ ਇਕ ਤੇਜ਼ ਰਫਤਾਰ ਕੈਂਟਰ ਨੰਬਰ ਐੱਚ ਪੀ-18-ਬੀ-2572 ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। 
ਸਿੱਟੇ ਵਜੋਂ ਸ਼ਰਧਾ ਰਾਣੀ ਸਕੂਟਰੀ ਤੋਂ ਡਿੱਗ ਕੇ ਕੈਂਟਰ ਹੇਠਾਂ ਆ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਲੜਕਾ ਵਾਲ-ਵਾਲ ਬਚਿਆ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਦੌੜ ਕੇ ਮ੍ਰਿਤਕ ਔਰਤ ਦੇ ਪਿੰਡ 'ਚ ਜਾ ਲੁਕਿਆ। 
ਲੋਕਾਂ ਵੱਲੋਂ ਇਤਲਾਹ ਦੇਣ 'ਤੇ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਕੈਂਟਰ ਚਾਲਕ ਲਖਵੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News