ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

05/24/2023 1:10:38 AM

ਅੰਮ੍ਰਿਤਸਰ (ਅਨਜਾਣ) : ਨਿਊ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 3 ਦੇ ਨਿਵਾਸੀ ਅਮਰੀਕ ਸਿੰਘ ਨਾਂ ਦੇ ਨੌਜਵਾਨ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਹ ਇਸ ਸਮੇਂ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਆਈ. ਸੀ. ਯੂ. ’ਚ ਦਾਖ਼ਲ ਹੈ। ਅਮਰੀਕ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਸੰਨੀ ਨੇ ਜਗ ਬਾਣੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕ ਸਿੰਘ ਦਾ ਆਪਣੀ ਪਤਨੀ ਸੁਨੀਤਾ (ਕਾਲਪਨਿਕ ਨਾਂ) ਵਾਸੀ ਟਾਹਲੀ ਵਾਲਾ ਚੌਕ ਨਾਲ ਪਿਛਲੇ ਚਾਰ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ਤੇ ਇਸ ਦਾ ਤਲਾਕ ਦਾ ਕੇਸ ਮਾਣਯੋਗ ਸੈਸ਼ਨ ਕੋਰਟ ’ਚ ਚੱਲ ਰਿਹਾ ਹੈ।

PunjabKesari

ਚਾਰ ਸਾਲ ਪਹਿਲਾਂ ਅਮਰੀਕ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਰੱਖੜੀ ਵਾਲੇ ਦਿਨ ਅਮਰੀਕ ਸਿੰਘ ਨੂੰ ਮਾਰ-ਕੁਟਾਈ ਕਰਕੇ ਸੱਟਾਂ ਮਾਰੀਆਂ ਗਈਆਂ ਸਨ, ਜਿਸ ਦਾ ਕੇਸ ਵੀ ਮਾਣਯੋਗ ਅਦਾਲਤ ਵਿਖੇ ਚੱਲ ਰਿਹਾ ਹੈ। ਅਮਰੀਕ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਿਨ ਤੋਂ ਹੀ ਉਸ ਨੂੰ ਕੇਸ ਵਾਪਸ ਲੈਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸੰਨੀ ਨੇ ਦੱਸਿਆ ਕਿ ਅਮਰੀਕ ਸਿੰਘ ਦਾ ਇਕ ਤਿੰਨ ਸਾਲ ਦਾ ਬੇਟਾ ਵੀ ਹੈ, ਜੋ ਉਸ ਦੀ ਪਤਨੀ ਕੋਲ ਰਹਿੰਦਾ ਹੈ। ਚਾਰ ਦਿਨ ਪਹਿਲਾਂ ਅਮਰੀਕ ਸਿੰਘ ਦੀ ਪਤਨੀ ਨੇ ਅਮਰੀਕ ਸਿੰਘ ਖਿਲਾਫ਼ ਥਾਣਾ ਬੀ ਡਵੀਜ਼ਨ ਵਿਖੇ ਦਰਖਾਸਤ ਦਿੱਤੀ ਤੇ ਕੱਲ੍ਹ ਅਸੀਂ ਵੀ ਦੇ ਦਿੱਤੀ, ਜਿਸਦਾ ਫੈਸਲਾ ਇੰਸਪੈਕਟਰ ਅਸ਼ਵਨੀ ਕੁਮਾਰ ਵੱਲੋਂ ਸਾਡੇ ਦੋਵਾਂ ਵਿਚ ਬੈਠ ਕੇ ਆਪਸੀ ਸਹਿਮਤੀ ਨਾਲ ਮੁਕਾ ਦਿੱਤਾ ਗਿਆ ਪਰ ਇਸਦੇ ਬਾਵਜੂਦ ਅਮਰੀਕ ਸਿੰਘ ਦੇ ਸਹੁਰੇ, ਉਸ ਦੀ ਪਤਨੀ ਤੇ ਸਾਲਿਆਂ ਵੱਲੋਂ ਸੁਲਤਾਨਵਿੰਡ ਰੋਡ ਗੰਦੇ ਨਾਲੇ ਕੋਲ ਅਮਰੀਕ ਸਿੰਘ ਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਲੁਧਿਆਣੇ ਤੋਂ ਉਨ੍ਹਾਂ ਦੇ ਦੋ ਹੋਰ ਭਰਾਵਾਂ ਨੂੰ ਬੁਲਵਾ ਕੇ ਅਮਰੀਕ ਸਿੰਘ ਨੂੰ ਮਾਰਨ ਦੀਆਂ ਵੀ ਧਮਕੀਆ ਦਿੱਤੀਆਂ।

ਅਮਰੀਕ ਸਿੰਘ ਕੱਲ੍ਹ ਤੋਂ ਹੀ ਪ੍ਰੇਸ਼ਾਨ ਸੀ। ਸੰਨੀ ਨੇ ਦੱਸਿਆ ਕਿ ਅਮਰੀਕ ਸਿੰਘ ਟਾਹਲੀ ਵਾਲੇ ਚੌਕ ਵਿਖੇ ਕੰਮ ਕਰਦਾ ਸੀ ਤੇ ਤਕਰੀਬਨ 4 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਕਿ ਤੇਰੇ ਭਰਾ ਨੂੰ ਕੁਝ ਹੋ ਗਿਆ ਹੈ, ਜਿਸ ’ਤੇ ਮੈਂ ਉਸਦੇ ਕੰਮ ਵਾਲੇ ਸਥਾਨ ’ਤੇ ਜਦੋਂ ਕੋਠੇ ’ਤੇ ਪੁੱਜਾ ਤਾਂ ਅਮਰੀਕ ਸਿੰਘ ਨੂੰ ਕੋਈ ਹੋਸ਼ ਨਹੀਂ ਸੀ। ਅਸੀਂ ਦੋ ਜਣਿਆਂ ਨੇ ਚੁੱਕ ਕੇ ਅਮਰੀਕ ਸਿੰਘ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਮੁਤਾਬਿਕ ਉਸਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸੰਨੀ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਅਮਰੀਕ ਸਿੰਘ ਦੇ ਸਹੁਰੇ ਪਰਿਵਾਰ ’ਤੇ ਸਖ਼ਤ ਕਾਰਵਾਈ ਕਰਦਿਆਂ ਪੁਲਸ ਵੱਲੋਂ ਇਨਸਾਫ਼ ਮਿਲਣਾ ਚਾਹੀਦਾ ਹੈ।

ਅਸੀਂ ਅਮਰੀਕ ਸਿੰਘ ਨਾਲ ਕੋਈ ਗਾਲੀ ਗਲੋਚ ਨਹੀਂ ਕੀਤਾ :

ਗੁਰਦੁਆਰਾ ਤੂਤ ਸਾਹਿਬ ਨਜ਼ਦੀਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਅਮਰੀਕ ਸਿੰਘ ਦੇ ਸਹੁਰੇ ਜੋਗਿੰਦਰ ਸਿੰਘ ਤੇ ਉਸ ਦੀ ਲੜਕੀ (ਅਮਰੀਕ ਸਿੰਘ ਦੀ ਪਤਨੀ) ਨੇ ਸਰਾਸਰ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਅਮਰੀਕ ਸਿੰਘ ਨੂੰ ਕੋਈ ਗਾਲੀ ਗਲੋਚ ਨਹੀਂ ਕੀਤਾ ਤੇ ਨਾ ਹੀ ਕੋਈ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

ਕੀ ਕਹਿੰਦੇ ਨੇ ਡਾਕਟਰ :

ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਅਮਰੀਕ ਸਿੰਘ ਦੀ ਹਾਲਤ ਹਾਲੇ ਬਹੁਤ ਗੰਭੀਰ ਹੈ ਤੇ ਉਹ ਇਸ ਸਮੇਂ ਬਿਆਨ ਦੇਣ ਦੇ ਕਾਬਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਜਿਸਦੇ ਟੈਸਟ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 48 ਤੋਂ 72 ਘੰਟੇ ਤੱਕ ਇਸ ਦੀ ਰਿਕਵਰੀ ਦੀ ਆਸ ਲਗਾਈ ਜਾ ਸਕਦੀ ਹੈ।

ਅਮਰੀਕ ਸਿੰਘ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ : ਪੁਲਸ ਇੰਸਪੈਕਟਰ

ਥਾਣਾ ਬੀ ਡਵੀਜ਼ਨ ਦੇ ਪੁਲਸ ਇੰਸਪੈਕਟਰ ਜੋ ਮੌਕੇ ’ਤੇ ਸ੍ਰੀ ਗੁਰੁ ਰਾਮਦਾਸ ਹਸਪਤਾਲ ਦੇ ਆਈ. ਸੀ. ਯੂ. ਵਿਖੇ ਮੌਜੂਦ ਸਨ, ਨੇ ਕਿਹਾ ਕਿ ਫਿਲਹਾਲ ਅਮਰੀਕ ਸਿੰਘ ਆਪਣੇ ਹੋਸ਼ੋ ਹਵਾਸ ਵਿਚ ਨਹੀਂ ਹੈ, ਉਸਨੂੰ ਹੋਸ਼ ਆਉਣ ਉਪਰੰਤ ਬਿਆਨ ਲਏ ਜਾਣਗੇ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ।
 


Manoj

Content Editor

Related News