ਪੰਜਾਬ 'ਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਅੱਜ, ਜਾਣੋ ਕੀ ਨੇ ਸਕੂਲ ਦੀਆਂ ਵਿਸ਼ੇਸ਼ਤਾਵਾਂ
Wednesday, Sep 13, 2023 - 11:48 AM (IST)
ਜਲੰਧਰ (ਬਿਊਰੋ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 3 ਦਿਨਾਂ ਦੇ ਦੌਰੇ ’ਤੇ ਪੰਜਾਬ ਆਉਣਗੇ। 13 ਤੋਂ 15 ਸਤੰਬਰ ਤੱਕ ਦੇ ਇਸ ਦੌਰੇ ’ਚ ਉਹ ਕਈ ਅਹਿਮ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੀਆਂ ਗਈਆਂ ਕੁਝ ਵੱਡੀਆਂ ਗਾਰੰਟੀਆਂ ਨੂੰ ਵੀ ਪੂਰਾ ਕਰਨਗੇ। ਇਸੇ ਤਹਿਤ ਅੱਜ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਰੱਖੇ ਗਏ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦਾ ਪਹਿਲਾ ਸਕੂਲ ਆਫ ਐਮੀਨੈਂਸ ਲੋਕ ਅਰਪਿਤ ਕੀਤਾ ਜਾਵੇਗਾ। ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਨੂੰ ਦਿੱਤੀ ਗਾਰੰਟੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 200 ਕਰੋੜ ਦੇ ਬਜਟ ਨਾਲ 117 ਸਕੂਲ ਆਫ਼ ਐਮੀਨੈਂਸ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਉਣ ਲਈ ਤਿਆਰ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਦੱਸਣਯੋਗ ਹੈ ਕਿ ਵਿੱਤੀ ਸਾਲ 2023-24 ਵਿੱਚ ਸਕੂਲ ਆਫ ਐਮੀਨੈਂਸ ਪ੍ਰਵੇਸ਼ ਪ੍ਰੀਖਿਆ ਲਈ 1 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰ ਹੋਏ ਅਤੇ 8200 ਵਿਦਿਆਰਥੀਆਂ ਨੇ 117 ਸਕੂਲਾਂ ਵਿੱਚ ਦਾਖ਼ਲਾ ਲਿਆ। "ਸਕੂਲਜ਼ ਆਫ਼ ਐਮੀਨੈਂਸ" ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਅਤੇ ਸ਼ਾਨਦਾਰ ਸਿੱਖਿਆ ਨੂੰ ਮੁੜ ਵਿਕਸਤ ਕਰਨਾ ਹੈ। ਇਹ ਸਕੂਲ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਸਰਵਪੱਖੀ ਸ਼ਖ਼ਸੀਅਤ ਸਿਰਜਣ ਦਾ ਵਿਜ਼ਨ ਪੇਸ਼ ਕਰਦੇ ਹਨ। ਸਕੂਲਜ਼ ਆਫ਼ ਐਮੀਨੈਂਸ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲਾ ਦੀ ਉੱਤਮਤਾ ਦਾ ਕੇਂਦਰ ਹੋਣਗੇ। ਇਨ੍ਹਾਂ ਸਕੂਲਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। 117 ਸਕੂਲਜ਼ ਆਫ਼ ਐਮੀਨੈਂਸ ਵਿੱਚੋਂ 63 ਸਕੂਲਜ਼ ਆਫ਼ ਐਮੀਨੈਂਸ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਲਈ 65 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : 81 ਹਜ਼ਾਰ ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਮੋੜਨੇ ਪੈਣਗੇ PM ਕਿਸਾਨ ਯੋਜਨਾ ਦੇ ਪੈਸੇ
ਇਹ ਸਕੂਲ ਟੈਕਨਾਲੋਜੀ ਆਧਾਰਿਤ ਅਧਿਆਪਨ ਸਿਖਲਾਈ ਪ੍ਰਕਿਰਿਆ 'ਤੇ ਆਧਾਰਿਤ ਹੋਣਗੇ। ਸਕੂਲ ਆਫ਼ ਐਮੀਨੈਂਸ ਅਤਿ ਆਧੁਨਿਕ ਲੈਬ ਅਤੇ ਲਾਇਬ੍ਰੇਰੀਆਂ ਨਾਲ ਲੈਸ ਹੋਣਗੇ ਅਤੇ ਇਹਨਾਂ ਸਕੂਲਾਂ ਵਿੱਚ ਸਾਰੇ ਵਿੱਦਿਅਕ ਸਟਰੀਮ ਉਪਲਬਧ ਹੋਣਗੇ। ਸਕੂਲਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪੇਸ਼ੇਵਰ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। JEE, NEET, NDA, CLAT ਅਤੇ CUET ਦੀ ਤਿਆਰੀ ਲਈ ਕੋਚਿੰਗ ਸਹੂਲਤਾਂ ਵੀ ਮੌਜੂਦ ਹੋਣਗੀਆਂ।
ਇਨ੍ਹਾਂ ਸਕੂਲਾਂ ਵਿੱਚ ਅਤਿ-ਆਧੁਨਿਕ ਖੇਡ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣੀਆਂ ਹਨ। ਸਕੂਲ ਆਫ਼ ਐਮੀਨੈਂਸ ਵਿੱਚ ਵਿਸ਼ੇਸ਼ ਖੇਡ ਸਹੂਲਤਾਂ ਲਈ 6 ਕਰੋੜ ਰੁਪਏ ਦੀ ਰਾਸ਼ੀ ਦੀ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ। ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਹੁਨਰ ਨੂੰ ਵਧਾਉਣ ਵੱਲ ਇਨ੍ਹਾਂ ਸਕੂਲਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵੱਡੀ ਗੱਲ ਇਹ ਵੀ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ 100% ਅਧਿਆਪਕ ਅਮਲਾ ਭਰਤੀ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਜਰੀਵਾਲ ਤੇ CM ਮਾਨ, ਇਸੇ ਹਫ਼ਤੇ ਹੋ ਸਕਦੈ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8