ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨਾਲ ਡਰੇ ਦੁਕਾਨਦਾਰ, ਖੁਦ ਤੋੜੇ ਥੜ੍ਹੇ

03/04/2018 7:45:52 AM

ਕਪੂਰਥਲਾ, (ਜ. ਬ.)- ਕਪੂਰਥਲਾ ਦੇ ਮੁੱਖ ਬਾਜ਼ਾਰਾਂ 'ਚ ਇਨ੍ਹਾਂ ਦਿਨਾਂ 'ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਬਣਾਏ ਗਏ ਵਿਸ਼ੇਸ਼ ਸੁੰਦਰ ਥੜ੍ਹੇ ਤੇ ਫਰਸ਼ ਖੁਦ ਤੁੜਵਾਉਣ ਦੀ ਹੋੜ ਲੱਗੀ ਹੋਈ ਹੈ। ਭਾਰੀ ਜੁਰਮਾਨੇ ਤੋਂ ਡਰੋਂ ਦੁਕਾਨਦਾਰ ਵਿਸ਼ੇਸ਼ ਕਟਰ ਮਸ਼ੀਨਾਂ ਨਾਲ ਖੁੱਦ ਖਰਚ ਕਰਕੇ ਸ਼ਨੀਵਾਰ ਦੀ ਪੂਰੀ ਰਾਤ ਆਪਣੇ ਥੜ੍ਹੇ ਤੁੜਵਾਉਣ 'ਚ ਲੱਗੇ ਰਹੇ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਲੰਬੇ ਸਮੇਂ ਤੋਂ ਪੁਰਾਣੀ ਸਬਜ਼ੀ ਮੰਡੀ, ਸਦਰ ਬਾਜ਼ਾਰ, ਸਰਾਫਾ ਬਾਜ਼ਾਰ, ਅੰਮ੍ਰਿਤ ਬਾਜ਼ਾਰ, ਕਸਾਬਾ ਬਾਜ਼ਾਰ, ਮਾਹਜੀਤ ਬਾਜ਼ਾਰ, ਮਾਲ ਰੋਡ, ਕੋਟੂ ਚੌਕ, ਜਲੌਖਾਨਾ ਚੌਕ ਆਦਿ ਖੇਤਰਾਂ 'ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਆਲੀਸ਼ਾਨ ਥੜ੍ਹੇ ਬਣਾ ਕੇ ਸੜਕਾਂ 'ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ 'ਚ ਪੂਰੇ ਸ਼ਹਿਰ ਦੇ ਲੋਕਾਂ ਦੇ ਚੱਲਣ ਲਈ ਬਣਾਏ ਫੁੱਟਪਾਥ ਤੇ ਸੜਕ ਕਾਫੀ ਛੋਟੇ ਹੋ ਚੁੱਕੇ ਹਨ। ਲੋਕਾਂ ਦੀ ਸੁਰੱਖਿਆ ਲਈ ਸਥਾਈ ਲੋਕ ਅਦਾਲਤ ਦੀ ਚੇਅਰਪਰਸਨ ਮੈਡਮ ਮੰਜੂ ਰਾਣਾ ਦੀ ਅਗਵਾਈ 'ਚ ਨਗਰ ਕੌਂਸਲ ਕਪੂਰਥਲਾ ਨੇ ਸ਼ਹਿਰ 'ਚ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦਾ ਫੈਸਲਾ ਲਿਆ, ਜਿਸਦੇ ਚਲਦੇ ਸਾਰੇ ਦੁਕਾਨਦਾਰਾਂ ਨੂੰ ਆਪਣੇ-ਆਪਣੇ ਨਾਜਾਇਜ਼ ਰੂਪ ਨਾਲ ਥੜ੍ਹੇ ਖੁਦ ਤੋੜਨੇ ਤੇ ਇਸਦੇ ਸਬੰਧ 'ਚ ਉਨ੍ਹਾਂ ਨੂੰ ਭਾਰੀ ਜੁਰਮਾਨੇ ਕਰਨ ਦੀ ਚੇਤਾਵਨੀ ਦਿੱਤੀ ਸੀ। 
ਡਰੇ ਦੁਕਾਨਦਾਰ ਪੂਰੀ ਰਾਤ ਆਪਣੇ ਵਲੋਂ ਬਣਾਏ ਗਏ ਥੜ੍ਹੇ ਤੁੜਵਾਉਣ 'ਚ ਲੱਗੇ ਰਹੇ। ਕੁਝ ਦੁਕਾਨਦਾਰਾਂ ਨੇ ਦਸਿਆ ਕਿ ਅਸੀਂ ਹਮੇਸ਼ਾ ਬੰਦ ਰਹਿਣ ਵਾਲੀ ਪਾਣੀ ਦੀ ਨਾਲੀ ਨੂੰ ਕਵਰ ਕਰਨ ਲਈ ਥੜ੍ਹੇ ਬਣਾਏ ਸਨ। ਕੁਝ ਸਥਾਨਾਂ 'ਤੇ ਤਿੰਨ-ਤਿੰਨ, ਚਾਰ-ਚਾਰ ਫੁੱਟ ਤਕ ਨਾਲੇ ਬਣੇ ਹੋਏ ਹਨ। ਅਗਰ ਸ਼ਟਰ ਤਕ ਥੜ੍ਹੇ ਟੁੱਟ ਜਾਂਦੇ ਹਨ ਤਾਂ ਗਰਮੀਆਂ 'ਚ ਮੱਛਰਾਂ ਦੀ ਭਰਮਾਰ ਹੋਵੇਗੀ ਤੇ ਦੁਕਾਨਾਂ 'ਚ ਬੈਠਣਾ ਮੁਸ਼ਕਿਲ ਹੋ ਜਾਵੇਗਾ। ਅੰਮ੍ਰਿਤ ਬਾਜ਼ਾਰ ਦੇ ਇਕ ਦੁਕਾਨਦਾਰ ਨੇ ਦਸਿਆ ਕਿ ਸਾਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਅਸੀਂ ਆਪਣੇ ਸ਼ਟਰ ਤੋਂ ਕਿਥੋਂ ਤਕ ਥੜ੍ਹਾ ਰੱਖਣਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਥੜ੍ਹੇ ਟੁੱਟ ਜਾਣ ਦੇ ਬਾਅਦ ਜਦੋਂ ਬਾਜ਼ਾਰ ਕਾਫੀ ਖੁੱਲ੍ਹੇ ਤੇ ਵੱਡੇ ਨਜ਼ਰ ਆ ਰਹੇ ਹਨ। ਆਉਣ ਵਾਲੇ ਸਮੇਂ 'ਚ ਜਾਮ ਲੱਗਣ ਦੀ ਸਮੱਸਿਆ ਨਾਲ ਲੋਕਾਂ ਨੂੰ ਨਿਜਾਤ ਮਿਲੇਗੀ।


Related News