ਫਾਜ਼ਿਲਕਾ ਦੇ ਖੇਡ ਸਟੇਡੀਅਮ 'ਚ ਲੱਗੇ ਪਟਾਕਿਆਂ ਦੇ ਸਟਾਲ 'ਤੇ ਗੁੰਡਾਗਰਦੀ
Monday, Oct 28, 2019 - 01:52 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਖੇਡ ਸਟੇਡੀਅਮ 'ਚ ਲੱਗੀ ਪਟਾਕਿਆਂ ਦੀ ਸਟਾਲ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁਝ ਨੌਜਵਾਨਾਂ ਨੇ ਸਟਾਲ 'ਤੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਹੌਲ ਇਨਾਂ ਖਰਾਬ ਹੋ ਗਿਆ ਕਿ ਸਟਾਲ ਮਾਲਕ ਅਤੇ ਉਕਤ ਨੌਜਵਾਨਾਂ ਵਿਚਕਾਰ ਲੜਾਈ-ਝਗੜਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਉਸ ਦੀਆਂ ਪਟਾਕਿਆਂ ਦੀਆਂ ਸਾਰੀਆਂ ਸਟਾਲਾਂ ਖਿਲਾਰ ਦਿੱਤੀਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਪਟਾਕਿਆਂ ਨੂੰ ਖਿਲਰਿਆਂ ਹੋਇਆ ਦੇਖ ਉਨ੍ਹਾਂ 'ਤੇ ਧਾਵਾ ਬੋਲ ਦਿੱਤਾ ਅਤੇ ਪਟਾਕਿਆਂ ਨੂੰ ਚੁੱਕ-ਚੁੱਕ ਕੇ ਆਪੋ-ਆਪਣੇ ਘਰਾਂ ਨੂੰ ਲੈ ਗਏ। ਖੇਡ ਸਟੇਡੀਅਮ 'ਚ ਮੌਜੂਦ ਕਈ ਲੋਕਾਂ ਨੇ ਪਟਾਕੇ ਚੁੱਕ ਕੇ ਲੈ ਜਾਂਦੇ ਹੋਏ ਲੋਕਾਂ ਦੀ ਵੀਡੀਓ ਵੀ ਬਣਾ ਲਈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਲ ਦੇ ਮਾਲਕ ਵਿਜੇ ਕੁਮਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਟਾਲ ਤੋਂ ਪਟਾਕੇ ਚੋਰੀ ਕੀਤੇ ਜਾ ਰਹੇ ਸਨ, ਜਿਸ ਦਾ ਵਿਰੋਧ ਕਰਨ 'ਤੇ ਅਣਪਛਾਤੇ ਨੌਜਵਾਨਾਂ ਨੇ ਉਸ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਦੇ ਸਾਰੇ ਪਟਾਕੇ ਖਿਲਾਰ ਦਿੱਤੇ, ਜੋ ਲੋਕ ਚੁੱਕ ਕੇ ਲੈ ਗਏ। ਉਸ ਨੇ ਦੱਸਿਆ ਕਿ ਇਸ ਦੌਰਾਨ ਕੁਝ ਲੋਕ ਉਸ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।