ਫਾਜ਼ਿਲਕਾ ਦੇ ਸਕੂਲ ਦਾ ਅਨੋਖਾ ਉਪਰਾਲਾ, ਸ਼ੁਰੂ ਕੀਤੀ'ਪਲੋਗਿੰਗ' ਮੁਹਿੰਮ (ਵੀਡੀਓ)

Thursday, Feb 27, 2020 - 03:23 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਵਾਤਾਵਰਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਫਾਜ਼ਿਲਕਾ ਦੇ ਇਕ ਸਰਕਾਰੀ ਸਕੂਲ ਵਲੋਂ ਅਨੋਖੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਨੇ ਪਲੋਗਿੰਗ ਦਾ ਨਾਂ ਦਿੱਤਾ ਹੈ। ਉਕਤ ਸਕੂਲ ਦੇ ਬੱਚੇ ਆਪਣੇ ਹੱਥਾਂ ’ਚ ਬੋਰੀਆਂ ਅਤੇ ਫਿਟ ਇੰਡੀਆ ਦੀਆਂ ਯੂਨੀਫਾਰਮਾਂ ਪਾ ਜਿਥੇ ਜੋਗਿੰਗ ਕਰ ਰਹੇ ਹਨ, ਉਸ ਦੇ ਨਾਲ-ਨਾਲ ਉਹ ਰਾਸਤੇ ’ਚ ਸੁੱਟੀ ਹੋਈ ਪਲਾਸਟਿਕ ਨੂੰ ਚੁੱਕ ਕੇ ਬੋਰੀਆਂ ’ਚ ਪਾ ਰਹੇ ਹਨ। ਦੱਸ ਦੇਈਏ ਕਿ ਪਲਾਸਟਿਕ ਦੀ ਦਿਨੋ-ਦਿਨ ਵੱਧ ਰਹੀ ਵਰਤੋਂ ਸਾਡੇ ਵਾਤਾਵਰਨ ਲਈ ਇਕ ਵੱਡਾ ਖ਼ਤਰਾ ਬਣ ਚੁੱਕੀ ਹੈ। ਪਲਾਸਟਿਕ ਦੀ ਵਰਤੋਂ ਦਾ ਵਾਤਾਵਰਨ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਨਸ਼ਟ ਨਹੀਂ ਹੁੰਦੀ ਅਤੇ ਇਸ ਨੂੰ ਜਿਥੇ ਵੀ ਸੁੱਟ ਦਿੱਤਾ ਜਾਵੇ ਇਹ ਉਥੇ ਹੀ ਪਈ ਰਹਿੰਦੀ ਹੈ। ਜ਼ਮੀਨ ਦੇ ਹੇਠਾਂ ਦੱਬ ਜਾਣ ਕਾਰਨ ਇਹ ਧਰਤੀ ਹੇਠ ਮਿੱਟੀ ਨੂੰ ਦੂਸ਼ਿਤ ਕਰਦੀ ਹੈ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਕੂਲ ਸਟਾਫ ਨੇ ਦੱਸਿਆ ਕਿ ਸਾਡੇ ਸਕੂਲ ਵਲੋਂ ਵਾਤਾਵਰਨ ਦੀ ਸਫ਼ਾਈ ਲਈ ਪਹਿਲਾ ਵੀ ਕਈ ਉਪਰਾਲੇ ਕੀਤੇ ਜਾ ਚੁੱਕੇ ਹਨ। ਉਸੇ ਤਰ੍ਹਾਂ ਹੁਣ ਤੋਂ ਸ਼ੁਰੂ ਕੀਤੀ ਗਈ ‘ਪਲੋਗਿੰਗ’ ਰਾਹੀਂ ਵੀ ਅਸੀਂ ਇਹੀ ਸੰਦੇਸ਼ ਦੇ ਰਹੇ ਹਾਂ ਕਿ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਅਸਲ ’ਚ ਕਾਬਿਲੇ ਤਾਰੀਫ਼ ਹੈ, ਕਿਉਂਕਿ ਸਕੂਲ਼ ਤੋਂ ਹੀ ਬੱਚਿਆਂ ਨੂੰ ਪਲਾਸਟਿਕ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਨਾ ਵਧੀਆ ਪਹਿਲਕਦਮੀ ਹੈ। ਪਲੋਗਿੰਗ ਵਰਗੀ ਮੁਹਿੰਮ ਜਿਥੇ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਰੋਕੇਗੀ, ਉੱਥੇ ਹੀ ਉਨ੍ਹਾਂ ਨੂੰ ਆਪਣੀ ਸਿਹਤ ਸੰਬੰਧੀ ਵੀ ਜਾਗਰੂਕ ਕਰੇਗੀ।


rajwinder kaur

Content Editor

Related News