ਗੁਰਪ੍ਰੀਤ ਸਿੰਘ ਨੇ ਖੇਤੀ ਤੇ ਬਾਗਬਾਨੀ ਲਈ ਲੱਭਿਆ ਅਨੋਖਾ ਰਾਹ (ਵੀਡੀਓ)
Wednesday, Jan 30, 2019 - 03:55 PM (IST)
ਫਾਜ਼ਿਲਕਾ (ਨਾਗਪਾਲ) - ਅਬੋਹਰ ਰਾਜਸਥਾਨ ਸਰਹੱਦ 'ਤੇ ਪੈਂਦੇ ਪਿੰਡਾਂ 'ਚ ਟੇਲਾਂ 'ਤੇ ਪਾਣੀ ਨਾ ਪਹੁੰਚਣ ਕਾਰਨ ਕਈ ਕਿਸਾਨ ਆਪਣੀਆਂ ਫਸਲਾਂ ਬਰਬਾਦ ਕਰ ਚੁੱਕੇ ਹਨ। ਇਸ ਸਭ ਦੇ ਬਾਵਜੂਦ ਅਬਹੋਰ ਦੇ ਪਿੰਡ ਪੱਟੀ ਸਦੀਕ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਪਣੀ ਮਿਹਨਤ ਸਦਕਾ ਕਿਸਾਨੀ ਲਈ ਉਹ ਰਾਹ ਲੱਭਿਆ ਹੈ, ਜਿਸ ਨੂੰ ਅਪਣਾ ਕੇ ਉਹ ਨਾ ਸਿਰਫ ਕਰਜ਼ਾਈ ਹੋਣ ਤੋਂ ਬਚਿਆ ਸਗੋਂ ਖੇਤੀ, ਬਾਗਬਾਨੀ ਤੇ ਡੇਅਰੀ ਫਾਰਮਿੰਗ ਕਰਕੇ ਮੋਟੀ ਕਮਾਈ ਵੀ ਕਰ ਰਿਹਾ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਟੇਲਾਂ 'ਤੇ ਹੋਣ ਕਾਰਨ ਉਸ ਨੂੰ ਖੇਤੀ ਕਰਨ ਲਈ ਪਾਣੀ ਮਿਲਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਸਰਕਾਰ ਅੱਗੇ ਪਿੰਡ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀਆਂ ਕਈ ਵਾਰ ਅਪੀਲਾਂ ਕੀਤੀਆਂ, ਜਿਸ ਵੱਲ ਉਨ੍ਹਾਂ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਅਪੀਲਾਂ 'ਤੇ ਕੋਈ ਸੁਣਵਾਈ ਨਾ ਹੋਣ ਕਾਰਨ ਉਸ ਨੇ ਓਰਗੈਨਿਕ ਖੇਤੀ ਕਰਨ ਦਾ ਵੱਖਰਾ ਰਾਹ ਲੱਭਿਆ, ਜੋ ਉਸ ਦੇ ਲਈ ਅਤੇ ਉਸ ਦੇ ਨਾਲ ਕੰਮ ਕਰ ਰਹੇ ਕਈ ਕਿਸਾਨਾਂ ਲਈ ਅੱਜ ਲਾਹੇਵੰਦ ਸਿੱਧ ਹੋ ਰਿਹਾ ਹੈ।
ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਨੇ ਭਾਰੀ ਮੁਸ਼ਕੱਤ ਤੋਂ ਬਾਅਦ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ ਹੈ ਅਤੇ ਇਸ ਕੰਮ ਲਈ ਉਸ ਨੂੰ ਸਰਕਾਰ ਵਲੋਂ ਕਈ ਇਨਾਮਾਂ ਨਾਲ ਨਿਵਾਜਿਆ ਵੀ ਜਾ ਚੁੱਕਾ ਹੈ।