ਨਸ਼ੇ ਕਾਰਨ HIV ਹੋ ਰਹੇ ਨੌਜਵਾਨ ਦਾ ਠੀਕਰਾ ਸੁਖਬੀਰ ਨੇ ਕਾਂਗਰਸ ਦੇ ਸਿਰ ਭੰਨ੍ਹਿਆ
Wednesday, Jul 17, 2019 - 12:01 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਪੰਜਾਬ 'ਚ ਨਸ਼ਿਆਂ 'ਤੇ ਠੱਲ ਪਾਉਣ ਲਈ ਜਦੋ-ਜਹਿਦ ਕਰ ਰਹੀ ਸਰਕਾਰ ਅੱਗੇ ਇਕ ਨਵੀਂ ਚੁਣੌਤੀ ਆ ਕੇ ਖੜ੍ਹੀ ਹੋ ਗਈ ਹੈ। ਇਹ ਚੁਣੌਤੀ ਨਸ਼ੇ ਦੇ ਆਦੀ ਵਿਅਕਤੀਆਂ 'ਚ ਹੈਪੇਟਾਈਟਿਸ ਸੀ ਅਤੇ ਐੱਚ.ਆਈ.ਵੀ. ਏਡਸ ਦਾ ਪੋਜ਼ੀਟਿਵ ਹੋਣ ਦੀ ਹੈ। ਇਸ ਦਾ ਖੁਲਾਸਾ ਹਾਲ ਹੀ 'ਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਖੁੱਲ੍ਹੇ ਔਟਸ ਸੈਂਟਰ ਦੇ ਅੰਕੜਿਆਂ ਤੋਂ ਹੋਇਆ ਹੈ, ਜਿਥੇ ਨਸ਼ੇ ਤੋਂ ਨਿਜਾਤ ਪਾਉਣ ਲਈ 60 ਵਿਅਕਤੀਆਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ, ਜਿਨ੍ਹਾਂ 'ਚੋਂ 56 ਕੇਸ ਹੈਪੇਟਾਈਟਿਸ ਸੀ ਅਤੇ ਐੱਚ.ਆਈ.ਵੀ. ਏਡਸ ਪੋਜ਼ੀਟਿਵ ਦੇ ਪਾਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਨੌਕਰੀ ਪੇਸ਼ਾ ਹਨ ਤੇ ਕਈ ਵੱਡੇ ਘਰਾਂ ਦੇ ਬੱਚੇ। ਦੱਸ ਦੇਈਏ ਕਿ ਇਸ ਸੂਚੀ 'ਚ ਕਈ ਸਰਕਾਰੀ ਕਰਮਚਾਰੀਆਂ ਤੇ ਪੁਲਸ ਮੁਲਾਜ਼ਮਾਂ ਦੇ ਨਾਂ ਵੀ ਸ਼ਾਮਲ ਹਨ। ਇੰਨ੍ਹਾਂ ਅੰਕੜਿਆਂ ਦਾ ਖੁਲਾਸ ਹੋਣ ਮਗਰੋਂ ਸਿਵਲ ਸਰਜਨ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ 'ਚ ਇਸ ਬਿਮਾਰੀ ਨੂੰ ਵੱਧਣ ਤੋਂ ਰੋਕਣ ਲਈ ਏ. ਆਰ. ਟੀ. ਸੈਂਟਰ ਖੋਲ੍ਹਣ ਲਈ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।
ਇਸ ਖੁਲਾਸੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਕਾਂਗਰਸ ਪੰਜਾਬ 'ਚ ਨਸ਼ੇ 'ਤੇ ਠੱਲ ਪਾਉਣ ਲਈ ਅਸਫਲ ਸਿੱਧ ਹੋਈ ਹੈ। ਸੁਖਬੀਰ ਬਾਦਲ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਾਂਗਰਸ ਕਮੇਟੀ ਦੇ ਜ਼ਿਲਾ ਪ੍ਰਧਾਨ ਰੰਜਮ ਕਾਮਰਾ ਨੇ ਅਕਾਲੀ ਦਲ ਨੂੰ ਪੰਜਾਬ 'ਚ ਫੈਲੇ ਨਸ਼ੇ ਲਈ ਜ਼ਿੰਮੇਵਾਰ ਠਹਿਰਾਇਆ। ਰੰਜਮ ਕਾਮਰਾ ਦਾ ਕਹਿਣਾ ਹੈ ਕਿ ਸਰਕਾਰ ਜਨਤਾ ਦੀ ਸਿਹਤ ਪ੍ਰਤੀ ਬੇਹੱਦ ਗੰਭੀਰ ਹੈ ਤੇ ਇਸ ਤਹਿਤ ਸਰਕਾਰ ਨੇ ਸਿਹਤ ਵਿਭਾਗ ਤੋਂ ਇਸ ਮਾਮਲੇ ਸਬੰਧੀ ਰਿਪੋਰਟ ਮੰਗੀ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਅੰਕੜਿਆਂ 'ਚ ਸ਼ਾਮਲ ਨੌਜਵਾਨਾਂ ਦਾ ਜਲਦ ਇਲਾਜ ਸ਼ੁਰੂ ਕਰਨ ਦੇ ਨਾਲ ਇਕ ਟੀਮ ਗਠਿਤ ਕਰਕੇ ਮੋਬਾਇਲ ਵੈਨ ਸੇਵਾ ਸ਼ੁਰੂ ਕੀਤੀ ਜਾਵੇਗੀ, ਜੋ ਵੱਖ-ਵੱਖ ਇਲਾਕਿਆਂ 'ਚ ਜਾ ਕੇ ਲੋਕਾਂ ਦਾ ਇਲਾਜ ਸ਼ੁਰੂ ਕਰੇਗੀ।