ਪਿਤਾ ਦਿਹਾੜੇ 'ਤੇ ਵਿਸ਼ੇਸ਼: ਪਿਤਾ ਬਾਹਰੋਂ ਭਾਵੇਂ ਕਿੰਨੇ ਵੀ ਸਖ਼ਤ ਹੋਣ ਪਰ ਅੰਦਰੋਂ ਹੁੰਦੇ ਨੇ ਨਰਮ
Sunday, Jun 21, 2020 - 05:25 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਜਿਵੇਂ ਪੂਰੀ ਦੁਨੀਆ ਮਾਂ ਨੂੰ ਸਨਮਾਨ ਦੇਣ ਲਈ ਮਦਰਸ ਡੇਅ ਮਨਾਉਂਦੀ ਹੈ, ਉਸੇ ਤਰ੍ਹਾਂ ਪਿਤਾ ਨੂੰ ਸਨਮਾਨ ਦੇਣ ਲਈ ਪੂਰੇ ਵਿਸ਼ਵ 'ਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ 'ਫਾਦਰਸ ਡੇਅ' ਮਨਾਇਆ ਜਾਂਦਾ ਹੈ। ਪਿਤਾ ਨੂੰ ਕਿਸੇ ਵੀ ਇਕ ਇਮੇਜ 'ਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਸਾਰਿਆਂ ਦੇ ਤਜ਼ਰਬੇ ਵੱਖ-ਵੱਖ ਹੁੰਦੇ ਹਨ ਪਰ ਘਰ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਪਿਤਾ ਬਾਹਰੋਂ ਭਾਵੇਂ ਕਿੰਨੇ ਵੀ ਸਖ਼ਤ ਸੁਭਾਅ ਦੇ ਹੋਣ ਪਰ ਅੰਦਰੋਂ ਉਨ੍ਹਾਂ ਦਾ ਮਨ ਵੀ ਸਾਡੇ ਵਾਂਗ ਹੀ ਨਰਮ ਹੁੰਦਾ ਹੈ। ਦੁਨੀਆ 'ਚ ਇਕੱਲਾ ਅਜਿਹਾ ਇਨਸਾਨ ਜੋ ਆਪਣੀਆਂ ਖੁਸ਼ੀਆਂ ਨਾਲੋਂ ਸਭ ਤੋਂ ਵੱਧ ਖੁਸ਼ ਹੁੰਦਾ ਹੈ, ਜੋ ਤੁਹਾਡੀ ਉਦਾਸੀ ਨੂੰ ਸਮਝਦਾ ਹੈ ਅਤੇ ਸ਼ਿਕਾਇਤਾਂ 'ਤੇ ਸ਼ਿਕਾਇਤ ਨਹੀਂ ਕਰਦਾ, ਭਗਵਾਨ ਨੇ ਸਾਨੂੰ ਪਿਤਾ ਦੇ ਰੂਪ 'ਚ ਅਜਿਹਾ ਤੋਹਫਾ ਦਿੱਤਾ ਹੈ। ਉਹ ਤੁਹਾਡੇ ਹਰ ਗਲਤੀ 'ਤੇ ਤੁਹਾਡੇ ਨਾਲ ਖੜ੍ਹੇ ਹੁੰਦੇ ਹਨ।
ਆਖਿਰ ਧੀਆਂ ਲਈ ਕਿਉਂ ਖਾਸ ਹੁੰਦੇ ਨੇ ਪਿਤਾ
ਦੁਨੀਆ 'ਚ ਫਾਦਸਸ ਡੇਅ ਪਹਿਲੀ ਵਾਰ ਮਨਾਉਣ ਵਾਲੀ ਇਕ ਬੇਟੀ ਹੀ ਸੀ। ਧੀਆਂ ਪਿਤਾ ਦੇ ਦਿਲ ਦੇ ਸਭ ਤੋਂ ਕਰੀਬ ਹੁੰਦੀਆਂ ਹਨ। ਬੇਟੀ ਦੀ ਆਪਣੇ ਪਿਤਾ ਨਾਲ ਜਿੰਨੀ ਚੰਗੀ ਬਾਂਡਿੰਗ ਹੁੰਦੀ ਹੈ, ਉਨੀ ਮਾਂ ਨਾਲ ਨਹੀਂ ਹੁੰਦੀ। ਧੀ ਹਮੇਸ਼ਾ ਆਪਣੇ ਪਿਤਾ ਦੀ ਲਾਡਲੀ ਹੁੰਦੀ ਹੈ। ਪਿਤਾ ਆਪਣੀ ਧੀ ਲਈ ਪਿਤਾ ਦੇ ਨਾਲ-ਨਾਲ ਦੋਸਤ ਵੀ ਹੁੰਦਾ ਹੈ। ਪੁਰਸ਼ ਜਦੋਂ ਇਕ ਬੇਟੀ ਦਾ ਪਿਤਾ ਬਣਦਾ ਹੈ ਤਾਂ ਉਸ ਦੇ ਅੰਦਰ ਬਦਲਾਅ ਆਉਂਦੇ ਹਨ। ਉਦੋਂ ਉਹ ਕੁਝ ਜ਼ਿਆਦਾ ਹੀ ਕੇਅਰਿੰਗ ਅਤੇ ਇਮੋਸ਼ਨਲ ਹੋ ਜਾਂਦਾ ਹੈ। ਧੀ ਦੇ ਲਈ ਉਸ ਦਾ ਪਿਤਾ ਸੁਪਰਹੀਰੋ ਹੁੰਦਾ ਹੈ। ਧੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਦੀ ਫਰਮਾਇਸ਼ ਸਿਰਫ ਪਿਤਾ ਹੀ ਪੂਰੀ ਕਰ ਸਕਦੇ ਹਨ।
ਲੋਕਾਂ ਦੇ ਮਨਾਂ 'ਤੇ ਡੂੰਘਾ ਅਸਰ ਕਰਦਾ ਹੈ ਫਿਲਮੀ ਪਿਤਾ ਦਾ ਅਕਸ
ਜ਼ਿਕਰਯੋਗ ਹੈ ਕਿ ਬਾਲੀਵੁੱਡ ਫਿਲਮਾਂ 'ਚ ਕਈ ਪਿਤਾ ਅਦਾਕਾਰਾਂ ਦਾ ਅਕਸ ਦਰਸ਼ਕਾਂ ਦੇ ਮਨ ਵਿਚ ਵਸਿਆ ਹੁੰਦਾ ਹੈ ਅਤੇ ਉਨ੍ਹਾਂ ਦੇ ਕੁਝ ਸੰਵਾਦ ਅੱਜ ਵੀ ਸਾਨੂੰ ਭਾਵੁਕ ਕਰ ਦਿੰਦੇ ਹਨ। ਇਨ੍ਹਾਂ 'ਚ 'ਜਾ ਸਿਮਰਨ ਜਾ' ਇਸ ਸੰਵਾਦ ਜਿਸ ਨੂੰ ਤੁਸੀਂ ਭੁੱਲੇ ਨਹੀਂ ਹੋਵੋਗੇ। ਬਾਕਸ ਆਫ਼ਿਸ 'ਤੇ ਰਿਕਾਰਡ ਤੋੜ ਕਮਾਈ ਕਰਨ ਵਾਲੀ ਫਿਲਮ 'ਦਿਲ ਵਾਲੇ ਦੁਲਹਨਿਆ ਲੇ ਜਾਏਂਗੇ' 'ਚ ਅਮਰੀਕ ਪੁਰੀ 'ਤੇ ਫਿਲਮਾਏ ਡਾਇਲਾਗ 'ਜਾ ਸਿਮਰਨ ਜਾ ਜੀ ਲੇ ਅਪਣੀ ਜ਼ਿੰਦਗੀ' ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ। ਆਮ ਤੌਰ 'ਤੇ ਅਸੀਂ ਕਈ ਵਾਰ ਲੋਕ ਹਾਸੇ-ਮਜ਼ਾਕ ਵਿਚ ਵੀ ਆਪਣੇ ਦੋਸਤਾਂ ਨੂੰ ਇਹ ਡਾਇਲਾਗ ਬੋਲ ਦਿੰਦੇ ਹਨ। ਇਸੇ ਤਰ੍ਹਾਂ ਸਾਲ 1988 'ਚ ਆਈ ਫ਼ਿਲਮ ਸ਼ਹਿਨਸ਼ਾਹ ਦਾ ਇਕ ਡਾਇਲਾਗ ਹੈ 'ਰਿਸ਼ਤੇ ਮੇ ਤੋਂ ਹਮ ਤੁਮਹਾਰੇ ਬਾਪ ਲਗਤੇ ਹੈ, ਨਾਮ ਹੈ ਸ਼ਹਿਨਸ਼ਾਹ' ਬਹੁਤ ਹਿੱਟ ਹੋਇਆ ਸੀ। ਅਮਿਤਾਭ ਬੱਚਨ 'ਤੇ ਫਿਲਮਾਇਆ ਗਿਆ ਇਹ ਸੰਵਾਦ ਅੱਜ ਵੀ ਮਜ਼ਾਕੀਆ ਤੌਰ 'ਤੇ ਪਾਪਾ ਆਪਣੇ ਬੱਚੇ ਨੂੰ ਕਹਿ ਦਿੰਦੇ ਹਨ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਫ਼ਿਲਮ 'ਚ ਸ਼ਾਹਰੁਖ ਖਾਨ ਦੇ ਪਿਤਾ ਬਣੇ ਅਨੁਪਮ ਖੇਰ ਦੇ ਬੇਟੇ ਦੇ ਫ਼ੇਲ ਹੋ ਜਾਣ 'ਤੇ ਗੁੱਸਾ ਕਰਨ ਦੀ ਬਜਾਏ ਪਿਆਰ ਨਾਲ ਸਮਝਾਉਂਦੇ ਹਨ ਕਿ ਫ਼ੇਲ ਹੋਣ ਤੋਂ ਡਰਨ ਦੀ ਜ਼ਰੂਰਤ ਨਹੀਂ ਇਹ ਤਾਂ ਸਾਡੇ ਪਰਿਵਾਰ ਦੀ ਰਵਾਇਤ ਹੈ। ਭਲਾ ਦੱਸੋ ਇਕ ਬਾਪ ਦਾ ਇੰਨਾ ਕੂਲ ਅਵਤਾਰ ਦੇਖ ਦੇ ਕਿਸ ਨੂੰ ਹਾਸਾ ਨਹੀਂ ਆਵੇਗਾ। ਇਸ ਤਰ੍ਹਾਂ ਸੂਪਰ ਹਿੱਟ ਫ਼ਿਲਮ ਦੰਗਲ ਦਾ ਇਹ ਸੰਵਾਦ 'ਹਮਾਰੀ ਛੋਰੀਆਂ ਕਿਸੀ ਛੋਰੇ ਸੇ ਕਮ ਹੈ' ਇਸ 'ਚ ਸਮਾਜ ਲਈ ਇਕ ਸੰਦੇਸ਼ ਵੀ ਹੈ।