ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

Tuesday, May 17, 2022 - 10:33 AM (IST)

ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਭਾਈਰੂਪਾ (ਸ਼ੇਖਰ) : ਸਥਾਨਕ ਨਗਰ ਵਿਖੇ ਇਕ ਕਲਯੁੱਗੀ ਪਿਤਾ ਵੱਲੋਂ ਸ਼ਰਾਬ ਦੇ ਨਸ਼ੇ ’ਚ ਆਪਣੀ 4 ਸਾਲਾ ਬੱਚੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਖੁਸ਼ਦੀਪ ਕੌਰ ਉਰਫ ਰਈਆ ਪੁੱਤਰੀ ਕੁੰਦਨ ਵਾਸੀ ਭਾਈਰੂਪਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਉਕਤ ਲੜਕੀ ਆਪਣੇ ਘਰ ’ਚ ਸ਼ੱਕੀ ਹਾਲਤ |ਚ ਮ੍ਰਿਤਕ ਪਾਈ ਗਈ। ਮ੍ਰਿਤਕਾ ਦੀ ਮਾਤਾ ਸਰਬਜੀਤ ਕੌਰ ਨੇ ਇਸ ਸਬੰਧੀ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਲੜਕੀ ਦਾ ਕਤਲ ਉਸ ਦੇ ਪਤੀ ਕੁੰਦਨ ਨੇ ਕੀਤਾ ਹੈ। ਪੀੜਤਾ ਅਨੁਸਾਰ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ।

ਇਹ ਵੀ ਪੜ੍ਹੋ : ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ

ਪੀੜਤਾ ਅਨੁਸਾਰ ਸੋਮਵਾਰ ਸਵੇਰ 3 ਵਜੇ ਹੀ ਉਸ ਦੇ ਪਤੀ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਵਰਜਿਆ ਤਾਂ ਉਸ ਕੋਲ ਪਈ ਲੋਹੇ ਦੀ ਰਾਡ ਚੁੱਕ ਕੇ ਉਸ ਦੇ ਮਾਰਨੀ ਚਾਹੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਖੁਸ਼ਦੀਪ ਅੱਗੇ ਆ ਗਈ ਅਤੇ ਰਾਡ ਉਸ ਦੇ ਸਿਰ ’ਚ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਸਰਬਜੀਤ ਕੌਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੰਦਨ ਫਰਾਰ ਹੋ ਗਿਆ। ਜਦੋਂ ਉਸ ਨੇ ਆਪਣੀ ਬੱਚੀ ਨੂੰ ਚੁੱਕਿਆ ਤਾਂ ਉਸ ਦੀ ਮੌਤ ਹੋ ਚੁਕੀ ਸੀ। ਥਾਣਾ ਫੂਲ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਧਾਰਾ 302 ਤਹਿਤ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News