ਜੀਜੇ-ਸਾਲੇ ਦਾ ਝਗੜਾ ਰੋਕਣਾ ਪਿਓ ਨੂੰ ਪਿਆ ਮਹਿੰਗਾ, ਧੁੱਕੇ-ਮੁੱਕੀ ''ਚ ਹੋਇਆ ਉਹ ਜੋ ਸੋਚਿਆ ਨਾ ਸੀ
Monday, Jun 12, 2017 - 07:08 PM (IST)
ਮੋਗਾ(ਅਜ਼ਾਦ)— ਜ਼ਿਲੇ ਦੇ ਪਿੰਡ ਅੰਮੀਵਾਲਾ 'ਚ ਆਪਣੇ ਲੜਕੇ ਅਤੇ ਉਸ ਦੇ ਸਾਲੇ ਦੇ ਵਿਚਕਾਰ ਹੋ ਰਹੇ ਲੜਾਈ ਝਗੜੇ ਨੂੰ ਰੋਕਣਾ 70 ਸਾਲਾ ਬਜ਼ੁਰਗ ਆਤਮਾ ਸਿੰਘ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਧੱਕਾ-ਮੁੱਕੀ 'ਚ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਰਨੈਲ ਸਿੰਘ ਪੁੱਤਰ ਆਤਮਾ ਸਿੰਘ ਨੇ ਪੁਲਸ ਨੂੰ ਦੱਸਿਆ, ''ਮੇਰੇ ਭਰਾ ਟਹਿਲ ਸਿੰਘ ਦਾ ਵਿਆਹ 5 ਸਾਲ ਪਹਿਲਾਂ ਪੱਟੀ ਨਿਵਾਸੀ ਸੁਖਜਿੰਦਰ ਕੌਰ ਨਾਲ ਹੋਇਆ ਸੀ। ਟਹਿਲ ਸਿੰਘ ਦੀਆਂ ਦੋ ਬੇਟੀਆਂ ਹਨ। ਐਤਵਾਰ ਨੂੰ ਉਸ ਦਾ ਸਾਲਾ ਸੁਖਦੀਪ ਸਿੰਘ ਉਰਫ ਬਿੱਲਾ ਆਪਣੇ ਸਾਥੀਆਂ ਅਮਿਤਪਾਲ ਸਿੰਘ ਨਿਵਾਸੀ ਪੱਟੀ (ਅੰਮ੍ਰਿਤਸਰ) ਨਾਲ ਸੁਖਜਿੰਦਰ ਕੌਰ ਨੂੰ ਲੈਣ ਲਈ ਆਏ ਸਨ। ਇਸ ਦੌਰਾਨ ਸਾਡਾ ਵਿਵਾਦ ਹੋ ਗਿਆ ਅਤੇ ਉਹ ਮੇਰੇ ਭਰਾ ਟਹਿਲ ਸਿੰਘ ਨੂੰ ਕੁੱਟਮਾਰ ਕਰਨ ਲੱਗੇ। ਰੌਲਾ ਸੁਣ ਕੇ ਜਦੋਂ ਮੇਰੇ ਪਿਤਾ ਆਤਮਾ ਸਿੰਘ ਉਨ੍ਹਾਂ ਨੂੰ ਛੁਡਾਉਣ ਲਈ ਆਏ ਤਾਂ ਇਸ ਦੌਰਾਨ ਹੋਈ ਧੱਕਾ-ਮੁੱਕੀ 'ਚ ਬੇਹੋਸ਼ ਹੋ ਕੇ ਡਿੱਗ ਗਏ, ਜਦੋਂ ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਜਾ ਰਹੇ ਸੀ ਤਾਂ ਰਸਤੇ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਦੌਰਾਨ ਮੇਰੇ ਭਰਾ ਦਾ ਸਾਲਾ ਅਤੇ ਉਸ ਦਾ ਦੋਸਤ ਭੱਜ ਗਏ।''
ਕੀ ਹੋਈ ਪੁਲਸ ਕਾਰਵਾਈ
ਕਮਾਲਕੇ ਪੁਲਸ ਚੌਂਕੀ ਦੇ ਮੁਖੀ ਸਹਾਇਕ ਥਾਣੇਦਾਰ ਰਾਮਲੁਭਾਇਆ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਸੰਬੰਧ 'ਚ ਮ੍ਰਿਤਕ ਦੇ ਬੇਟੇ ਕਰਨੈਲ ਸਿੰਘ ਦੇ ਬਿਆਨਾਂ 'ਤੇ ਸੁਖਦੀਪ ਸਿੰਘ ਉਰਫ ਬਿੱਲਾ ਅਤੇ ਉਸ ਦੇ ਸਾਥੀ ਅੰਮ੍ਰਿਤਪਾਲ ਸਿੰਘ ਨਿਵਾਸੀ ਪੱਟੀ ਖਿਲਾਫ ਥਾਣਾ ਧਰਮਕੋਟ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।
