ਨਸ਼ੇ ਦੀ ਹਾਲਤ ''ਚ ਕਲਯੁਗੀ ਪਿਉ ਨੇ ਕੀਤਾ ਪੁੱਤ ਦਾ ਬੇਰਹਿਮੀ ਨਾਲ ਕਤਲ

Sunday, Nov 04, 2018 - 01:06 PM (IST)

ਨਸ਼ੇ ਦੀ ਹਾਲਤ ''ਚ ਕਲਯੁਗੀ ਪਿਉ ਨੇ ਕੀਤਾ ਪੁੱਤ ਦਾ ਬੇਰਹਿਮੀ ਨਾਲ ਕਤਲ

ਭਿੰਡੀ ਸੈਦਾਂ, (ਗੁਰਜੰਟ) : ਅੰਮ੍ਰਿਤਸਰ ਦਿਹਾਤੀ ਦੇ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਬੀਤੀ ਰਾਤ ਕਲਯੁਗੀ ਪਿਉ ਵੱਲੋਂ ਆਪਣੇ ਹੀ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲਖਵਿੰਦਰ ਕੌਰ ਪਤਨੀ ਜਗਦੀਸ਼ ਸਿੰਘ ਵਾਸੀ ਝੰਜੋਟੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਅਨੂਪ ਸਿੰਘ (83) ਤੇ ਭਰਾ ਕਸ਼ਮੀਰ ਸਿੰਘ (55) ਪਿਛਲੇ ਕਰੀਬ 10 ਸਾਲਾਂ ਤੋਂ ਪਿੰਡ ਕੜਿਆਲ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ 'ਚ ਚੌਕੀਦਾਰ ਦੀ ਨੌਕਰੀ ਕਰਦੇ ਸਨ ਤੇ ਨਸ਼ੇ ਦੇ ਆਦੀ ਹੋਣ ਕਾਰਨ ਪੈਸਿਆਂ ਨੂੰ ਲੈ ਕੇ ਦੋਵਾਂ 'ਚ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਦੀ ਛੱਤ 'ਤੇ ਸ਼ਰਾਬ ਪੀ ਰਹੇ ਸਨ ਕਿ ਅਚਾਨਕ ਦੋਵਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਕਾਰਨ ਝਗੜਾ ਹੋ ਗਿਆ, ਇਸ ਦੌਰਾਨ ਪਿਤਾ ਅਨੂਪ ਸਿੰਘ ਨੇ ਆਪਣੇ ਪੁੱਤਰ ਕਸ਼ਮੀਰ ਸਿੰਘ ਦੇ ਸਿਰ 'ਚ ਦਾਤਰ ਮਾਰ ਕੇ ਕਤਲ ਕਰ ਦਿੱਤਾ ਤੇ ਖੁਦ ਰਾਤ ਸਮੇਂ ਉਨ੍ਹਾਂ ਕੋਲ ਝੰਜੋਟੀ ਆ ਕੇ ਕਸ਼ਮੀਰ ਸਿੰਘ ਦੇ ਗੁੰਮ ਹੋਣ ਦੀ ਝੂਠੀ ਕਹਾਣੀ ਬਣਾ ਦਿੱਤੀ, ਜਿਸ ਤੋਂ ਬਾਅਦ ਸਵੇਰੇ ਉਨ੍ਹਾਂ ਕਸ਼ਮੀਰ ਸਿੰਘ ਦੀ ਭਾਲ ਕਰਨ ਲਈ ਸਕੂਲ ਸਮੇਤ ਆਸ-ਪਾਸ ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਅਚਾਨਕ ਸਕੂਲ ਦੀ ਛੱਤ 'ਤੇ ਚੜ੍ਹ ਕੇ ਦੇਖਿਆ ਤਾਂ ਖੂਨ ਨਾਲ ਲਥਪਥ ਉਸ ਦੀ ਲਾਸ਼ ਮਿਲੀ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮੌਕੇ 'ਤੇ ਡੀ. ਐੱਸ. ਪੀ. ਡੀ. ਹਰਪਾਲ ਸਿੰਘ, ਡੀ. ਐੱਸ. ਪੀ. ਹਰਪ੍ਰੀਤ ਸਿੰਘ ਅਜਨਾਲਾ ਤੇ ਐੱਸ. ਐੱਚ. ਓ. ਹਰਸੰਦੀਪ ਸਿੰਘ ਸੰਧੂ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਲਖਵਿੰਦਰ ਕੌਰ ਦੇ ਬਿਆਨਾਂ 'ਤੇ ਅਨੂਪ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News