ਨਸ਼ੇ ਦੀ ਓਵਰਡੋਜ਼ ਨਾਲ ਤੜਫ ਰਹੇ ਨੌਜਵਾਨ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ
Monday, Aug 05, 2019 - 12:11 PM (IST)

ਫਤਿਆਬਾਦ (ਕੰਵਲ ਸੰਧੂ) : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚ ਨਸ਼ਿਆਂ ਦੇ ਪ੍ਰਕੋਪ ਨਾਲ ਨਿੱਤ ਦਿਨ ਮਰ ਰਹੇ ਨੌਜਵਾਨਾਂ ਦੇ ਘਰਾਂ 'ਚ ਸੱਥਰ ਵਿਛ ਰਹੇ ਹਨ, ਪਰ ਪੁਲਸ ਖਾਨਾਪੂਰਤੀ ਕਰਨ 'ਚ ਲੱਗੀ ਹੋਈ ਹੈ। ਇਸ ਦੀ ਤਾਜ਼ਾ ਮਿਸਾਲ ਫਤਿਆਬਾਦ ਤੋਂ ਗੋਇੰਦਵਾਲ ਰੋਡ 'ਤੇ ਪੁਰਾਣੇ ਬਾਗ ਕੋਲ ਝੋਨੇ ਦੇ ਖੇਤ ਦੀ ਵੱਟ ਉਪਰ ਨਸ਼ੇ ਦੀ ਓਵਰਡੋਜ਼ ਨਾਲ ਤੜਫ ਰਹੇ ਅਣਪਛਾਤੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਫਤਿਆਬਾਦ ਵਿਖੇ ਲਿਆਉਣ ਤੇ ਹਸਪਤਾਲ ਵਿਚ ਕੋਈ ਮੈਡੀਕਲ ਅਫਸਰ ਨਾ ਹੋਣ ਕਰ ਕੇ ਉਸ ਤੜਫ ਰਹੇ ਨੌਜਵਾਨ ਨੂੰ ਕਿਸੇ ਇਲਾਜ ਤੇ ਫਸਟਏਡ ਦੇਣ ਤੋਂ ਬਿਨਾਂ ਹੀ 108 ਨੰ. ਐਬੁਲੈਂਸ ਮੰਗਵਾ ਕੇ ਤਰਨਤਾਰਨ ਸਿਵਲ ਹਸਪਤਾਲ ਭੇਜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਇਥੋਂ ਲੰਘ ਰਹੇ ਡੀ. ਐੱਸ. ਪੀ. (ਡੀ) ਜਿਨ੍ਹਾਂ ਨੇ ਪ੍ਰੈਸ ਨੂੰ ਆਪਣਾ ਨਾਂ ਸੁਖਵਿੰਦਰ ਸਿੰਘ ਦੱਸਿਆ, ਉਨ੍ਹਾਂ ਨੂੰ ਇਹ ਤੜਫਦਾ ਹੋਇਆ ਨੌਜਵਾਨ ਦਿਸਿਆ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਗੰਨਮੈਨਾਂ ਰਾਹੀਂ ਆਪਣੀ ਗੱਡੀ ਵਿਚ ਪਾ ਕੇ ਉਸ ਨੌਜਵਾਨ ਨੂੰ ਫਤਿਆਬਾਦ ਹਸਪਤਾਲ ਵਿਖੇ ਲਿਆਂਦਾ, ਜਿੱਥੇ ਕੋਈ ਵੀ ਮੈਡੀਕਲ ਅਫਸਰ ਜਾਂ ਫਸਟਏਡ ਦੇ ਕੇ ਉਸ ਨੌਜਵਾਨ ਨੂੰ ਨਾਰਮਲ ਹਾਲਤ 'ਚ ਲਿਆਉਣ ਵਾਲਾ ਮੌਜੂਦ ਨਹੀਂ ਸੀ। ਇਸ ਕਰ ਕੇ ਬੁਰੀ ਤਰ੍ਹਾਂ ਤੜਫ ਰਹੇ ਉਸ ਨੌਜਵਾਨ ਨੂੰ 108 ਨੰ ਐਂਬੂਲੈਂਸ ਰਾਹੀਂ ਤਰਨਤਾਰਨ ਭੇਜ ਦਿੱਤਾ ਗਿਆ।