ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ : ਪੰਨੂੰ

Wednesday, Nov 22, 2017 - 07:44 AM (IST)

ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ : ਪੰਨੂੰ

ਵਲਟੋਹਾ,  (ਬਲਜੀਤ)-  ਕਿਸਾਨਾਂ ਦਾ ਇਕ ਇਕੱਠ ਵਲਟੋਹਾ ਵਿਖੇ ਡਾ. ਸੁਖਵੰਤ ਸਿੰਘ ਅਤੇ ਬਖਸ਼ੀਸ਼ ਸਿੰਘ ਬਹਾਦਰ ਨਗਰ ਦੀ ਅਗਵਾਈ ਹੇਠ ਹੋਇਆ, ਜਿਸ 'ਚ 26 ਨਵੰਬਰ ਨੂੰ ਕੋਟ ਬੁੱਢਾ ਵਿਖੇ ਕੀਤੀ ਜਾ ਰਹੀ 'ਕਿਸਾਨੀ ਅਤੇ ਜਵਾਨੀ ਬਚਾਓ' ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵਲਟੋਹਾ ਤੋਂ ਇਲਾਵਾ ਬਹਾਦਰ ਨਗਰ, ਕੋਟਲੀ, ਦੂਹਲ ਕੋਨਾ, ਭੂਰਾ ਕੋਹਨਾ, ਆਸਲ ਆਦਿ ਪਿੰਡਾਂ ਤੋਂ ਇਕੱਠ ਦੇ ਰੂਪ 'ਚ ਪਹੁੰਚੇ ਕਿਸਾਨਾਂ ਨੇ ਉਕਤ ਕਾਨਫਰੰਸ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਫੈਸਲਾ ਕੀਤਾ। 
ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾਈ ਕਰਨ ਅਤੇ ਖੁਦਕੁਸ਼ੀਆਂ ਦੇ ਰਾਹ ਪਾਉਣ ਲਈ ਕੇਂਦਰ ਅਤੇ ਪੰਜਾਬ ਵਿਚ ਵੱਖ-ਵੱਖ ਸਮੇਂ ਤੋਂ ਬਣਦੀਆਂ ਆ ਰਹੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹਨ, ਕਿਸਾਨਾਂ ਨੂੰ ਫਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਗਏ ਤੇ ਖਾਦਾਂ, ਦਵਾਈਆਂ, ਬੀਜਾਂ, ਟਰੈਕਟਰਾਂ, ਮਸ਼ੀਨਰੀ ਆਦਿ ਦੀਆਂ ਕੰਪਨੀਆਂ ਨੇ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ, ਜਿਸ ਕਾਰਨ ਉਨ੍ਹਾਂ ਸਿਰ ਕਰਜ਼ੇ ਦੀਆਂ ਪੰਡਾਂ ਹੋਰ ਭਾਰੀ ਹੋ ਗਈਆਂ। 
ਉਨ੍ਹਾਂ ਕਿਹਾ ਕਿ 26 ਨਵੰਬਰ ਦੀ ਕਾਨਫਰੰਸ 'ਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ, ਸਾਰੀਆਂ ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ ਲੈਣ, ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਨੌਜਵਾਨਾਂ ਲਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਵਾਉਣ ਸਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ। 
ਇਸ ਦੌਰਾਨ ਗੁਲਜ਼ਾਰ ਸਿੰਘ ਵਲਟੋਹਾ, ਗੁਰਭੇਜ ਸਿੰਘ, ਸਤਨਾਮ ਸਿੰਘ ਬਹਾਦਰ ਨਗਰ, ਸਤਬੀਰ ਸਿੰਘ, ਪ੍ਰਿਥੀਪਾਲ ਸਿੰਘ, ਗੁਰਦੇਵ ਸਿੰਘ, ਰਾਮ ਸਿੰਘ, ਇਕਬਾਲ ਸਿੰਘ ਭੂਰਾ ਕੋਹਨਾ ਆਦਿ ਹਾਜ਼ਰ ਸਨ। 


Related News