ਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ
Thursday, Jan 21, 2021 - 10:30 AM (IST)

ਲੁਧਿਆਣਾ (ਵਿੱਕੀ): ਡਿਪਟੀ ਕਮਿਸ਼ਨਰ ਲੁਧਿਆਣਾ ਸ. ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ ਹਿੱਸਾ ਲੈਂਦੇ ਹੋਏ ਬਦਕਿਸਮਤੀ ਨਾਲ ਆਪਣੀ ਜਾਨ ਗਵਾਉਣ ਵਾਲੇ 4 ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਇੱਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਬਦਕਿਸਮਤੀ ਨਾਲ ਜਿਨ੍ਹਾਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਜਾਨ ਗੁਆ ਦਿੱਤੀ।
ਇਹ ਵੀ ਪੜ੍ਹੋ: ਅੱਧੀ ਰਾਤ ਕਾਂਗਰਸ ਨੇਤਾ ਦੇ ਘਰ ਕੱਚ ਦੇ ਗਿਲਾਸਾਂ ਨਾਲ ਹੋਇਆ ਹਮਲਾ, ਪਈਆਂ ਭਾਜੜਾਂ
ਡਿਪਟੀ ਕਮਿਸ਼ਨਰ ਵੱਲੋਂ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਲੁਧਿਆਣਾ ਦੇ 5 ਕਿਸਾਨ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਂਦੇ ਹੋਏ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 4 ਕਿਸਾਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ, ਜਦਕਿ ਪੰਜਵੇਂ ਕਿਸਾਨ ਦੇ ਕੇਸ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ
ਜ਼ਿਕਰਯੋਗ ਹੈ ਕਿ ਪਾਇਲ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਝਾਮਟ ਦੇ ਵਸਨੀਕ ਬਲਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਕੁਰੂਕਸ਼ੇਤਰ (ਹਰਿਆਣਾ) ਨੇੜੇ ਇਕ ਸੜਕ ਹਾਦਸੇ ਵਿੱਚ 1 ਦਸੰਬਰ, 2020 ਨੂੰ ਆਪਣੀ ਜਾਨ ਗੁਆ ਬੈਠੇ ਸਨ। ਇਸੇ ਤਰ੍ਹਾਂ ਮਾਛੀਵਾੜਾ ਸਾਹਿਬ ਦੇ ਗੁਰਮੀਤ ਸਿੰਘ ਪੁੱਤਰ ਰਘੁਵੀਰ ਸਿੰਘ 18 ਨਵੰਬਰ, 2020 ਨੂੰ ਰੇਲਵੇ ਸਟੇਸ਼ਨ ਸਮਰਾਲਾ ਵਿਖੇ ਦਿਲ ਦੇ ਦੌਰੇ ਨਾਲ ਆਪਣੀ ਜਾਨ ਗੁਆ ਬੈਠੇ। ਸਮਰਾਲਾ ਨੇੜੇ ਪਿੰਡ ਖਟੜਾ ਦੇ ਗੱਜਣ ਸਿੰਘ ਪੁੱਤਰ ਪਾਲ ਸਿੰਘ 29 ਨਵੰਬਰ, 2020 ਨੂੰ ਦਿੱਲੀ ਸਰਹੱਦ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗੁਆ ਬੈਠੇ, ਜਦਕਿ ਹਰਮਿੰਦਰ ਸਿੰਘ ਰਾਏ ਪਿੰਡ ਜਾਂਗਪੁਰ ਦੀ 21 ਦਸੰਬਰ, 2020 ਨੂੰ ਵਿਰੋਧ ਪ੍ਰਦਰਸ਼ਨ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਵਚਨਬੱਧ ਹੈ ਜੋ ਕੇਂਦਰ ਦੀ ਸਰਹੱਦ 'ਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਕਿਸਾਨ ਨੂੰ 5 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?