ਅਵਾਰਾ ਪਸ਼ੂ ਮੁੱਖ ਮੰਤਰੀ ਨੂੰ ਸੌਂਪਣ ਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਪੁਲਸ ਨੇ ਸਮਰਾਲਾ 'ਚ ਰੋਕਿਆ (ਵੀਡੀਓ)
Thursday, Mar 07, 2019 - 05:12 PM (IST)
ਸਮਰਾਲਾ (ਗਰਗ)—ਪੰਜਾਬ 'ਚ ਤਿੰਨ ਲੱਖ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਦੀਆਂ ਫਸਲਾਂ ਦੀ ਹੋ ਰਹੀ ਬਰਬਾਦੀ ਦੇ ਮੁੱਦੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ 'ਚ ਸੂਬੇ ਦੇ ਹਜ਼ਾਰਾਂ ਕਿਸਾਨਾਂ ਵਲੋਂ ਟਰਾਲੀਆਂ 'ਚ ਭਰੇ ਅਵਾਰਾ ਪਸ਼ੂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨੂੰ ਸੌਂਪੇ ਜਾਣ ਤੋਂ ਪਹਿਲਾ ਹੀ ਸਵੇਰੇ ਕਰੀਬ ਸਾਢੇ 10 ਵਜੇ ਇਨ੍ਹਾਂ ਸਾਰੇ ਕਿਸਾਨਾਂ ਨੂੰ ਸਮਰਾਲਾ ਵਿਖੇ ਪੁਲਸ ਵਲੋਂ ਜਬਰੀ ਰੋਕ ਲਿਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਆਈ ਪੁਲਸ ਫੋਰਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ। ਪੁਲਸ ਦੀ ਇਸ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਯੂਨੀਅਨ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ 'ਚ ਪੁਲਸ ਦੇ ਵਤੀਰੇ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਲੁਧਿਆਣਾ-ਚੰਡੀਗੜ੍ਹ ਹਾਈਵੇਅ 'ਤੇ ਜਾਮ ਲਗਾ ਦਿੱਤਾ ਹੈ ਅਤੇ ਪਿਛਲੇ ਅੱਧੇ ਘੰਟੇ ਤੋਂ ਕਿਸਾਨਾਂ ਦਾ ਇਹ ਜਾਮ ਜਾਰੀ ਹੈ।
ਪੁਲਸ ਨੇ ਟ੍ਰੈਫਿਕ ਬਦਲਿਆ
ਓਧਰ ਚੰਡੀਗੜ੍ਹ ਟਰਾਲੀਆਂ 'ਚ ਭਰ ਕੇ ਅਵਾਰਾ ਪਸ਼ੂ ਲਿਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਰੋਕੇ ਜਾਣ 'ਤੇ ਉਨ੍ਹਾਂ ਵਲੋਂ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣ ਮਗਰੋਂ ਪੁਲਸ ਨੇ ਸਾਰਾ ਟ੍ਰੈਫਿਕ ਹੋਰ ਬਦਲਵੇ ਰਸਤਿਆਂ ਰਾਹੀਂ ਤਬਦੀਲ ਕਰ ਦਿੱਤਾ ਹੈ। ਪੁਲਸ ਵਲੋਂ ਕਿਸਾਨਾਂ ਦਾ ਧਰਨਾ ਚੁਕਵਾਉਣ ਦੇ ਯਤਨ ਕੀਤੇ ਜਾ ਰਹੇ ਹਨ।