ਕਿਸਾਨਾਂ ਵੱਲੋਂ ਬਜਟ ਤਜਵੀਜ਼ਾਂ ਨੂੰ ਫੂਕ ਕੇ ਰੋਸ ਮੁਜ਼ਾਹਰਾ

06/21/2017 6:53:06 AM

ਅਜਨਾਲਾ,  (ਬਾਠ)-  ਵਿਧਾਨ ਸਭਾ ਇਜਲਾਸ 'ਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਕਿਸਾਨਾਂ ਦੇ ਕਰਜ਼ਾ ਮੁਆਫੀ, ਸ਼ਗਨ ਸਕੀਮ 'ਚ ਵਾਧਾ ਤੇ ਪੈਨਸ਼ਨਾਂ 'ਚ ਵਾਧੇ ਸਮੇਤ ਹੋਰ ਤਜਵੀਜ਼ਾਂ ਨੂੰ ਲੋਕ ਵਿਰੋਧੀ ਅਤੇ ਕਿਸਾਨਾਂ ਸਮੇਤ ਲੋਕਾਂ ਨਾਲ ਚੋਣ ਵਾਅਦਿਆਂ ਦਾ ਫਰਾਡ ਕੀਤੇ ਜਾਣ ਦੇ ਦੋਸ਼ ਲਾ ਕੇ ਅੱਜ ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਅਤੇ ਤਹਿਸੀਲ ਸਕੱਤਰ ਕਾ. ਗੁਰਨਾਮ ਸਿੰਘ ਉਮਰਪੁਰਾ ਦੀ ਅਗਵਾਈ 'ਚ ਦਰਜਨਾਂ ਕਿਸਾਨਾਂ, ਮਜ਼ਦੂਰਾਂ ਨੇ ਬਜਟ ਤਜਵੀਜ਼ਾਂ ਵਿਰੁੱਧ ਰੋਸ ਮਾਰਚ ਕਰ ਕੇ ਤੇ ਬਜਟ ਤਜਵੀਜ਼ਾਂ ਨੂੰ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਸੂਬਾ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਲਈ ਸੂਬੇ ਭਰ ਦੇ 10.53 ਲੱਖ ਕਿਸਾਨਾਂ ਸਿਰ ਚੜ੍ਹਿਆ 83 ਹਜ਼ਾਰ ਕਰੋੜ ਰੁਪਏ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜੋ ਬਜਟ ਤਜਵੀਜ਼ਾਂ 'ਚ ਫਰਾਡ ਸਾਬਿਤ ਹੋਇਆ ਹੈ ਕਿਉਂਕਿ ਬਜਟ ਤਜਵੀਜ਼ਾਂ 'ਚ ਸਿਰਫ 3.59 ਲੱਖ ਕਿਸਾਨਾਂ ਦੇ ਸਿਰਫ ਤੇ ਸਿਰਫ ਫਸਲੀ ਕਰਜ਼ੇ ਲਈ 1500 ਕਰੋੜ ਰੁਪਏ ਨਾ-ਮਾਤਰ ਰਾਸ਼ੀ ਰਾਖਵੀਂ ਰੱਖ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰਾਂ ਦੀਆਂ ਬਜਟ ਤਜਵੀਜ਼ਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਬੇਰੁਜ਼ਗਾਰੀ ਭੱਤਾ 2500 ਰੁਪਏ ਮਾਸਿਕ ਦੇਣ ਦੇ ਮੁੱਦੇ 'ਤੇ ਗੂੰਗੀਆਂ ਤੇ ਬੋਲ਼ੀਆਂ ਹਨ।
ਇਸ ਮੌਕੇ ਸ਼ੀਤਲ ਸਿੰਘ ਤਲਵੰਡੀ, ਹਰਨੇਕ ਸਿੰਘ ਨੇਪਾਲ, ਸੁਰਜੀਤ ਸਿੰਘ ਭੂਰੇਗਿੱਲ, ਕੰਵਲਜੀਤ ਸਿੰਘ, ਕਸ਼ਮੀਰ ਸਿੰਘ ਚੱਕ ਸਿਕੰਦਰ, ਜਰਨੈਲ ਸਿੰਘ ਭੂਰੇਗਿੱਲ, ਕੁਲਦੀਪ ਸਿੰਘ, ਰਣਬੀਰ ਸਿੰਘ, ਸਤਨਾਮ ਸਿੰਘ ਚੱਕ ਔਲ, ਹਰਜੀਤ ਸਿੰਘ ਕੋਟਲੀ ਖਹਿਰਾ, ਹਰਜੀਤ ਸਿੰਘ ਢੰਡਾਲ ਆਦਿ ਆਗੂ ਮੌਜੂਦ ਸਨ।


Related News