ਕਿਸਾਨਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਮੁਆਫ਼ ਕੀਤਾ 2 ਲੱਖ ਤੱਕ ਦਾ ਕਰਜ਼ਾ
Saturday, Jun 22, 2024 - 04:06 PM (IST)
ਨੈਸ਼ਨਲ ਡੈਸਕ- ਕਿਸਾਨਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਿਸਾਨਾਂ ਦੀ ਆਰਥਿਕ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਸਰਕਾਰ ਨੇ ਕਰਜ਼ ਮੁਆਫ਼ੀ ਦਾ ਐਲਾਨ ਕੀਤਾ ਹੈ। ਰੈੱਡੀ ਨੇ ਕਿਹਾ ਕਿ ਦੋ ਲੱਖ ਰੁਪਏ ਦੀ ਕਰਜ਼ ਮੁਆਫ਼ੀ ਜਲਦੀ ਹੀ ਲਾਗੂ ਹੋ ਜਾਵੇਗੀ। ਸੂਬਾਈ ਕੈਬਨਿਟ ਦੀ ਬੈਠਕ ਮਗਰੋਂ ਪ੍ਰੈੱਸ ਨਾਲ ਗੱਲਬਾਤ ਵਿਚ ਕਿਹਾ ਗਿਆ ਕਿ 2018 ਤੋਂ 2023 ਵਿਚਾਲੇ ਜਿਨ੍ਹਾਂ ਕਿਸਾਨਾਂ ਨੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਇਕਮੁਸ਼ਤ ਮੁਆਫ਼ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਅੱਗ ਬੁਝਾਊ ਯੰਤਰ ਬਣਾਉਣ ਵਾਲੀ ਕੰਪਨੀ 'ਚ ਧਮਾਕਾ, 8 ਲੋਕਾਂ ਦੀ ਮੌਤ ਦਾ ਖ਼ਦਸ਼ਾ
ਰੈੱਡੀ ਨੇ ਕਿਹਾ ਕਿ ਕੈਬਨਿਟ ਨੇ 12 ਦਸੰਬਰ 2018 ਤੋਂ 9 ਦਸੰਬਰ 2023 ਤੱਕ 5 ਸਾਲ ਦੇ ਸਮੇਂ ਲਈ ਸੂਬੇ ਦੇ ਕਿਸਾਨਾਂ ਵਲੋਂ ਲਏ ਗਏ 2 ਲੱਖ ਰੁਪਏ ਦੇ ਕਰਜ਼ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਤਾਂ ਸਮੇਤ ਕਰਜ਼ਾ ਮੁਆਫੀ ਦੇ ਵੇਰਵਿਆਂ ਦਾ ਐਲਾਨ ਜਲਦ ਹੀ ਸਰਕਾਰੀ ਆਦੇਸ਼ ਵਿਚ ਕੀਤਾ ਜਾਵੇਗਾ। ਰੈੱਡੀ ਅੱਗੇ ਨੇ ਕਿਹਾ ਕਿ ਕਰਜ਼ ਮੁਆਫ਼ੀ ਨਾਲ ਸੂਬੇ ਦੇ ਖਜ਼ਾਨੇ 'ਤੇ 31 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿਛਲੀ ਬੀ. ਆਰ. ਐੱਸ. ਸਰਕਾਰ ਨੇ ਇਕ ਲੱਖ ਰੁਪਏ ਦੀ ਕਰਜ਼ ਮੁਆਫ਼ੀ ਦੇ ਆਪਣੇ ਵਾਅਦੇ ਨੂੰ ਈਮਾਨਦਾਰੀ ਨਾਲ ਲਾਗੂ ਨਾ ਕਰ ਕੇ ਕਿਸਾਨਾਂ ਅਤੇ ਖੇਤੀ ਨੂੰ ਸੰਕਟ ਵਿਚ ਪਾ ਦਿੱਤਾ ਸੀ। ਰੈੱਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋ ਲੱਖ ਰੁਪਏ ਦੇ ਕਰਜ਼ ਮੁਆਫ਼ੀ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰ ਰਹੀ ਹੈ।
ਇਹ ਵੀ ਪੜ੍ਹੋ- ਜ਼ਿੰਦਗੀ ਤੋਂ ਜ਼ਰੂਰੀ ਹੋਈ ਰੀਲ; ਇਕ ਹੱਥ ਨਾਲ ਇਮਾਰਤ ਦੀ ਛੱਤ ਤੋਂ ਹਵਾ 'ਚ ਲਟਕੀ ਕੁੜੀ, ਵੀਡੀਓ ਵਾਇਰਲ
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਕਾਂਗਰਸ ਨੇ ਬੀ. ਆਰ. ਐਸ ਨੂੰ ਬੁਰੀ ਤਰ੍ਹਾਂ ਹਰਾ ਕੇ ਰਾਜ ਵਿਚ ਸੱਤਾ ਹਾਸਲ ਕੀਤੀ ਸੀ ਅਤੇ ਏ. ਰੇਵੰਤ ਰੈਡੀ ਨੂੰ ਮੁੱਖ ਮੰਤਰੀ ਬਣਾਇਆ ਸੀ। ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਰੈੱਡੀ ਨੇ ਸੂਬੇ 'ਚ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੈ।
ਝਾਰਖੰਡ ਸਰਕਾਰ ਨੇ ਵੀ ਕੀਤਾ ਹੈ ਕਰਜ਼ਾ ਮੁਆਫੀ ਦਾ ਐਲਾਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਝਾਰਖੰਡ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ। ਸੂਬੇ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਗਠਜੋੜ ਸਰਕਾਰ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਨੂੰ ਮੁਆਫ ਕਰੇਗੀ। ਇਸ ਦੇ ਨਾਲ ਹੀ ਮੁਫਤ ਬਿਜਲੀ ਦਾ ਕੋਟਾ ਵਧਾ ਕੇ 200 ਯੂਨਿਟ ਕੀਤਾ ਜਾਵੇਗਾ। ਇਸ ਦੇ ਲਈ ਉਸ ਨੇ ਕਈ ਬੈਂਕਾਂ ਨੂੰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e