ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ 'ਅੱਤਵਾਦੀ' ਆਖਣ ਵਾਲਿਆਂ 'ਤੇ ਵਰ੍ਹੇ ਸੁਖਸ਼ਿੰਦਰ ਸ਼ਿੰਦਾ, ਸ਼ਰੇਆਮ ਆਖੀਆਂ ਇਹ ਗੱਲਾਂ

Thursday, Dec 31, 2020 - 12:00 PM (IST)

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ 'ਅੱਤਵਾਦੀ' ਆਖਣ ਵਾਲਿਆਂ 'ਤੇ ਵਰ੍ਹੇ ਸੁਖਸ਼ਿੰਦਰ ਸ਼ਿੰਦਾ, ਸ਼ਰੇਆਮ ਆਖੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 36ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। 

 

ਕੜਾਕੇ ਦੀ ਇਸ ਠੰਡ 'ਚ ਦਿੱਲੀ ਦੇ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਵੀ ਉੱਥੇ ਪਹੁੰਚੀ ਹੋਈ ਹੈ। ਕਿਸਾਨਾਂ ਲਈ ਲੰਗਰ ਅਤੇ ਰਿਹਾਇਸ਼ ਤੋਂ ਲੈ ਕੇ ਹਰ ਚੀਜ਼ ਜੋ ਕਿਸਾਨਾਂ ਨੂੰ ਚਾਹੀਦੀ ਹੈ ਉਹ ਖਾਲਸਾ ਏਡ ਵੱਲੋਂ ਮੁੱਹਈਆ ਕਰਵਾਈ ਜਾ ਰਹੀ ਹੈ ਪਰ ਕੁਝ ਮੀਡੀਆ ਸੰਸਥਾਵਾਂ ਵੱਲੋਂ ਇੱਥੇ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਖਾਲਸਾ ਏਡ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ 'ਅੱਜ ਦੁਨੀਆਂ ਰਵੀ ਸਿੰਘ ਖਾਲਸਾ ਏਡ ਨੂੰ ਨੋਬਲ ਪੁਰਸਕਾਰ ਦੇਣ ਦੀ ਵਕਾਲਤ ਕਰ ਰਹੀ ਹੈ ਅਤੇ ਘਟੀਆ ਚੈਨਲਾਂ ਵਾਲੇ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ। ਅਸੀਂ ਰਵੀ ਸਿੰਘ ਖਾਲਸਾ ਨੂੰ ਤੇ ਖਾਲਸਾ ਏਡ ਦੇ ਮਨੁੱਖਤਾ ਲਈ ਪਾਏ ਯੋਗਦਾਨ ਨੂੰ ਸਲਾਮ ਕਰਦੇ ਹਾਂ ਤੇ ਰਵੀ ਸਿੰਘ ਵੀਰ ਨੂੰ ਵਾਹਿਗੁਰੂ ਹਮੇਸਾ ਚੜਦੀ ਕਲਾ 'ਚ ਰੱਖੇ।'

ਪ੍ਰਭ ਗਿੱਲ ਨੇ ਨਿੱਜੀ ਚੈਨਲ ਨੂੰ ਪਾਈਆਂ ਲਾਹਨਤਾਂ
ਹਾਲ ਹੀ 'ਚ ਪੰਜਾਬੀ ਗਾਇਕ ਪ੍ਰਭ ਗਿੱਲ ਇਕ ਨਿੱਜੀ ਚੈਨਲ 'ਤੇ ਭੜਾਸ ਕੱਢਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨਿੱਜੀ ਚੈਨਲ ਨੂੰ ਵੰਗਾਰਦਿਆਂ ਆਪਣੇ ਟਵਿੱਟਰ ਆਊਂਟ 'ਤੇ ਵੀਡੀਓ ਸਾਂਝੀ ਕੜਦਿਆਂ ਪੋਸਟ 'ਚ ਲਿਖਿਆ 'ਜੇ ਤੂੰ ਸੱਚੀ ਪੱਤਰਕਾਰੀ ਕਰ ਰਿਹਾ ਹੈ ਤਾਂ ਉਥੇ 45 ਕਿਸਾਨ ਭਰਾਵਾਂ ਦੀ ਮੌਤ ਹੋ ਗਈ ਤੇਰੇ ਨਿਊਜ਼ ਚੈਨਲ 'ਤੇ ਕਦੇ ਉਸ ਦਾ ਡੀ। ਐੱਨ. ਏ. ਚੱਲਿਆ। ਸਾਫ਼-ਸਾਫ਼ ਬੋਲ ਕਿ ਇਸ ਅੰਦੋਲਨ ਕਾਰਨ ਤੇਰੇ ਵਰਗੇ ਪੱਤਰਕਾਰਾਂ ਦੀ ਹਵਾ ਟਾਈਟ ਹੋ ਰਹੀ ਹੈ।' ਦਰਅਸਲ ਇਕ ਨਿੱਜੀ ਚੈਨਲ ਨੇ ਆਪਣੇ ਚੈਨਲ 'ਤੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ 'ਇਸ ਨੂੰ ਅੰਦੋਲਨ ਕਿਹਾ ਜਾਵੇ ਜਾਂ ਮੇਲਾ? ਦੇਖੋ ਇਸ ਗਰਾਊਂਡ ਰਿਪੋਰਟ 'ਚ।' ਇਸ ਤੋਂ ਇਲਾਵਾ ਪ੍ਰਭ ਗਿੱਲ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ 'ਇਹ ਦੇਸ਼ ਦੇ ਕਿਸਾਨਾਂ ਦਾ ਇਕੱਠ ਹੈ, ਜੋ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਨਹੀਂ ਤਾਂ ਸਭ ਕੁਝ ਵਿਕ ਜਾਵੇਗਾ ਜਿਵੇਂ ਤੁਸੀਂ ਵਿਕ ਚੁੱਕੇ ਹੋ।' ਇਸ ਦੇ ਨਾਲ ਹੀ ਪ੍ਰਭ ਗਿੱਲ ਨੇ ਸੁਧੀਰ ਚੌਧਰੀ ਨਾਂ ਦੇ ਵਿਅਕਤੀ ਨੂੰ ਟੈਗ ਕੀਤਾ ਹੈ।

PunjabKesari

ਗਗਨ ਕੋਕਰੀ ਨੇ ਵੀ ਸੁਣਾਈਆਂ ਨੇ ਖਰੀਆਂ-ਖਰੀਆਂ
ਦੱਸ ਦਈਏ ਕਿ ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਨਿੱਤ ਦਿਨ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਨ੍ਹਾਂ ਹੀ ਨਹੀਂ, ਧਰਨੇ 'ਚ ਸ਼ਿਰਕਤ ਕਰਦਿਆਂ ਗਗਨ ਕੋਕਰੀ ਨੇ ਸੇਵਾ 'ਚ ਵੀ ਹੱਥ ਵੰਡਾਇਆ ਅਤੇ ਧਰਨੇ 'ਚ ਮੌਜੂਦ ਲੋਕਾਂ ਦੀ ਮਦਦ ਕੀਤੀ। ਹਾਲ ਹੀ 'ਚ ਗਗਨ ਕੋਕਰੀ ਨੇ ਪੋਸਟ ਸਾਂਝੀ ਕਰਕੇ ਇਕ ਨਿੱਜੀ ਚੈਨਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਗਗਨ ਕੋਕਰੀ ਨੇ ਆਪਣੀ ਪੋਸਟ 'ਚ ਭੜਾਸ ਕੱਢਦਿਆਂ ਲਿਖਿਆ ਸੀ, 'ਜ਼ੀ ਨਿਊਜ਼ ਆਲਿਓ ਜੇ ਮਾਈਕ ਚੱਕ ਕੇ ਮੇਰੇ ਨੇੜੇ ਵੀ ਆਏ ਸ਼ਿੱਤਰਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਸਾਲੇ ਪੱਤਰਕਾਰੀ ਦੇ। ਅਸੀਂ ਸਾਰੇ ਖਾਲਸਾ ਏਡ ਇੰਟਰਨੈਸ਼ਨਲ ’ਤੇ ਮਾਣ ਕਰਦੇ ਹਾਂ ਤੇ ਅੰਤਰਰਾਸ਼ਟਰੀ ਪੱਧਰ ’ਤੇ ਖਾਲਸਾ ਏਡ ਇਕ ਹੀਰੇ ਵਾਂਗ ਹੈ।' ਇਸ ਪੋਸਟ 'ਚ ਗਗਨ ਕੋਕਰੀ ਖਾਲਸਾ ਏਡ ਤੇ ਰਵੀ ਸਿੰਘ ਦੀ ਹਿਮਾਇਤ ਕਰ ਰਹੇ ਹਨ। ਨਿੱਜੀ ਚੈਨਲ ਵਲੋਂ ਖਾਲਸਾ ਏਡ ਦੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਕ ਖ਼ਬਰ ਆਪਣੇ ਚੈਨਲ 'ਤੇ ਚਲਾਈ ਗਈ ਸੀ, ਜਿਸ ਤੋਂ ਬਾਅਦ ਗਗਨ ਕੋਕਰੀ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਫੁੱਟ ਗਿਆ। ਉਂਝ ਸਿਰਫ ਗਗਨ ਕੋਕਰੀ ਹੀ ਨਹੀਂ, ਸਗੋਂ ਵੱਖ-ਵੱਖ ਕਲਾਕਾਰਾਂ ਵਲੋਂ ਰਵੀ ਸਿੰਘ ਤੇ ਖਾਲਸਾ ਏਡ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆ ਦੋ ਮੰਗਾਂ 
ਕੇਂਦਰ ਅਤੇ ਕਿਸਾਨਾਂ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਬੀਤੇ ਦਿਨ ਬੁੱਧਵਾਰ ਹੋਈ। ਇਸ ਬੈਠਕ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਗਿਆਨ ਭਵਨ 'ਚ 40 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ। ਇਸ ਬੈਠਕ 'ਚ ਸਰਕਾਰ ਨੇ ਕਿਸਾਨਾਂ ਦੀਆਂ ਦੋ ਮੰਗਾਂ ਮੰਨੀਆਂ ਹਨ, ਜਿਸ 'ਚ ਬਿਜਲੀ ਸੋਧ ਬਿੱਲ 2020 ਸਰਕਾਰ ਨਹੀਂ ਲਿਆਵੇਗੀ। ਦੂਜਾ, ਪਰਾਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਝੁਕੀ ਹੈ, ਜਿਸ 'ਚ 1 ਕਰੋੜ ਜੁਰਮਾਨੇ ਦੀ ਤਜਵੀਜ਼ ਹੈ। ਯਾਨੀ ਕਿ ਸਰਕਾਰ ਹਵਾ ਪ੍ਰਦੂਸ਼ਣ ਨਾਲ ਜੁੜੇ ਆਰਡੀਨੈਂਸ 'ਚ ਬਦਲਾਅ ਲਈ ਸਰਕਾਰ ਤਿਆਰ ਹੈ। ਸਰਕਾਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ਨੇ ਐੱਮ. ਐੱਸ. ਪੀ. 'ਤੇ ਲਿਖਤੀ ਗਰੰਟੀ ਨੂੰ ਦੁਹਰਾਇਆ ਹੈ। ਉਥੇ ਹੀ ਹੁਣ ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ। ਸੂਤਰਾਂ ਮੁਤਾਬਕ ਸਰਕਾਰ ਐੱਮ. ਐੱਸ. ਪੀ. 'ਤੇ ਕਮੇਟੀ ਬਣਾਉਣ ਨੂੰ ਤਿਆਰ ਹੋ ਗਈ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News