ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨੀ ਮੋਰਚਾ ਜਾਰੀ, ਜਗਦੀਪ ਰੰਧਾਵਾ ਨੇ ਵਿਖਾਏ ਤਾਜ਼ਾ ਹਾਲਾਤ(ਵੀਡੀਓ)

Thursday, Jan 28, 2021 - 11:52 AM (IST)

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨੀ ਮੋਰਚਾ ਜਾਰੀ, ਜਗਦੀਪ ਰੰਧਾਵਾ ਨੇ ਵਿਖਾਏ ਤਾਜ਼ਾ ਹਾਲਾਤ(ਵੀਡੀਓ)

ਚੰਡੀਗੜ੍ਹ (ਬਿਊਰੋ) — ਦਿੱਲੀ ਮੋਰਚੇ ’ਚ ਡਟੇ ਅਦਾਕਾਰ ਜਗਦੀਪ ਰੰਧਾਵਾ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ‘ਟਰੈਕਟਰ ਮਾਰਚ’ ਦੌਰਾਨ ਹੋਈ ਹਿੰਸਕ ਝੜਪ ਤੋਂ ਡਰੇ ਲੋਕਾਂ ਦੇ ਹੌਂਸਲੇ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਮੋਰਚੇ ’ਚ ਕੁਝ ਵੀ ਅਜਿਹਾ ਨਹੀਂ ਹੋਇਆ, ਜਿਸ ਨੂੰ ਲੈ ਕੇ ਲੋਕੀਂ ਡਰ ਰਹੇ ਹਨ। ਇਸ ਦੌਰਾਨ ਜਗਦੀਪ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਆਪਣੇ ਘਰਾਂ ਨੂੰ ਗਏ ਹਨ, ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਪਸ ਮੋਰਚੇ ’ਚ ਆਵੋ। ਜਿਹੜੀਆਂ ਵੀ ਕਿਸਾਨੀ ਅੰਦੋਲਨ ਨੂੰ ਲੈ ਕੇ ਅਫ਼ਵਾਹਾਂ ‘ਗੋਦੀ ਮੀਡੀਆ’ ਫੈਲਾ ਰਿਹਾ ਹੈ, ਉਹ ਸਭ ਝੂਠੀਆਂ ਹਨ। ਪਹਿਲੇ ਦਿਨ ਤੋਂ ਕਿਸਾਨੀ ਮੋਰਚੇ ’ਚ ਡਟੇ ਕਿਸਾਨ ਹਾਲੇ ਵੀ ਕਿਸਾਨੀ ਮੋਰਚੇ ’ਚ ਡਟੇ ਹੋਏ ਹਨ। ਜਿਹੜੇ ਘਰ ਗਏ ਉਹ ਕਿਸਾਨ ਹਨ, ਜਿਹੜੇ 26 ਨੂੰ ‘ਟਰੈਕਟਰ ਪਰੇਡ’ ਦਾ ਹਿੱਸਾ ਬਣਨ ਲਈ ਆਏ ਸਨ। ਮੈਂ ਉਨ੍ਹਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਵਾਪਸ ਆਵੋ ਕਿਉਂਕਿ ਹੁਣ ਸਰਕਾਰ ਬਹੁਤ ਡਰੀ ਹੋਈ ਹੈ। ਇਹੀ ਸਮਾਂ ਹੈ ਜਦੋਂ ਅਸੀਂ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਦਿੱਲੀ ’ਚ ਕਿਸਾਨੀ ਮੋਰਚਾ ਹਾਲੇ ਵੀ ਉਸੇ ਤਰ੍ਹਾਂ ਲੱਗਾ ਹੋਇਆ ਹੈ, ਜਿਵੇਂ ਪਹਿਲਾਂ ਸੀ।  ਉਨ੍ਹਾਂ ਕਿਹਾ ਜਿਹੜੇ ਕਿਸਾਨ ਘਰੋਂ ਆਖ ਕੇ ਆਏ ਸਨ ਕਿ ਜਿੱਤ ਕੇ ਹੀ ਮੁੜਾਂਗੇ, ਉਹ ਭਲਾ ਕਿਵੇਂ ਵਾਪਸ ਜਾ ਸਕਦੇ, ਤੁਸੀਂ ਆਪ ਹੀ ਸੋਚੋ?

ਦੱਸ ਦੇਈਏ ਕਿ ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਕਾਫ਼ੀ ਵੱਡਾ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਇਸ ਹਿੰਸਕ ਝੜਪ ਨੂੰ ਵੇਖ ਕੇ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। 

ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ 'ਚ ਕਿਸਾਨਾਂ ਦੇ 'ਟਰੈਕਟਰ ਮਾਰਚ' ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਕੇਸ 'ਚ ਦਰਜ ਐਫ. ਆਈ. ਆਰ. 'ਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ।


ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News