ਆਰਡੀਨੈਂਸ ਖ਼ਿਲਾਫ਼ 20 ਨੂੰ ਕਿਸਾਨ ਆਪਣੇ ਟਰੈਕਟਰਾਂ ਸਣੇ ਸੜਕਾਂ ''ਤੇ ਉਤਰਨਗੇ

07/04/2020 11:16:42 AM

ਜਲੰਧਰ (ਧਵਨ)— ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ 3 ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਨੇ 20 ਜੁਲਾਈ ਨੂੰ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਆਪਣੇ ਟਰੈਕਟਰਾਂ ਸਣੇ ਸੜਕਾਂ 'ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਕੋਲ ਸੰਘਰਸ਼ ਤੋਂ ਇਲਾਵਾ ਹੁਣ ਕੋਈ ਚਾਰਾ ਨਹੀਂ ਰਹਿ ਗਿਆ ਸੀ।

ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਕੁਝ ਕਿਸਾਨ ਸੰਗਠਨਾਂ ਨੇ ਅਕਾਲੀ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨਾ ਲਗਾਉਣ ਦਾ ਪ੍ਰੋਗਰਾਮ ਬਣਿਆ ਹੋਇਆ ਹੈ। ਉਹ ਇਨ੍ਹਾਂ ਸਾਰੇ ਕਿਸਾਨ ਸੰਗਠਨਾਂ ਨੂੰ ਹੋਰ ਬਰਬਾਦੀ ਦੇ ਰਸਤੇ 'ਤੇ ਧੱਕਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਭਾਵੇਂ ਇਹ ਕਹਿ ਰਹੀ ਹੈ ਕਿ ਉਸ ਦਾ ਐੱਮ. ਐੱਸ. ਪੀ. ਨੂੰ ਖਤਮ ਕਰਨ ਦਾ ਇਰਾਦਾ ਨਹੀਂ ਹੈ ਪਰ ਕੇਂਦਰ ਨੇ ਹਾਲੇ ਹੀ 23 ਖੁਰਾਕ ਫਸਲਾਂ 'ਤੇ ਐੱਮ. ਐੱਸ. ਪੀ. ਲਗਾਈ ਹੋਈ ਹੈ ਪਰ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਫਸਲ ਦੀ ਅਦਾਇਗੀ ਹੀ ਐੱਮ. ਐੱਸ. ਪੀ. ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਵੀ ਐੱਫ. ਸੀ. ਆਈ. ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਸੀ। ਹਾਲ ਹੀ 'ਚ ਇਕ ਕੇਂਦਰੀ ਮੰਤਰੀ ਨੇ ਵੀ ਐੱਫ. ਸੀ. ਆਈ. ਨੂੰ ਖਤਮ ਕਰਨ ਸਬੰਧੀ ਬਿਆਨ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕਣਕ ਅਤੇ ਝੋਨੇ ਦੀ ਫਸਲ ਦੀ ਲਗਭਗ 50000 ਕਰੋੜ ਦੀ ਸਾਲਾਨਾ ਖਰੀਦ ਹੁੰਦੀ ਹੈ। ਜੇ ਐੱਮ. ਐੱਸ. ਪੀ. ਨੂੰ ਖਤਮ ਕਰ ਦਿੱਤਾ ਗਿਆ ਤਾਂ ਫਸਲਾਂ ਦਾ ਉਚਿੱਤ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਸਕੇਗਾ। ਸਮੁੱਚੀ ਖਰੀਦ ਪ੍ਰਣਾਲੀ ਖੇਰੂ-ਖੇਰੂ ਹੋ ਕੇ ਰਹਿ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਿਛਲੇ ਦਿਨੀਂ ਵੀਡੀਓ ਕਾਨਫਰੰਸ ਦੌਰਾਨ ਇਹੀ ਕਿਹਾ ਕਿ ਉਹ ਇਸ ਮਾਮਲੇ ਨੂੰ ਪ੍ਰਭਾਵੀ ਢੰਗ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਤਾਂ ਕਿ ਪੰਜਾਬ ਦੇ ਹਿੱਤਾਂ 'ਤੇ ਕੋਈ ਆਂਚ ਨਾ ਆ ਸਕੇ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ 'ਚ ਫਸਲਾਂ ਦੀ ਖਰੀਦ ਨੂੰ ਲੈ ਕੇ ਲੋੜੀਦਾ ਢਾਂਚਾ ਮੰਡੀਆਂ 'ਚ ਬਣਿਆ ਹੋਇਆ ਹੈ। ਜੇ. ਐੱਮ. ਐੱਸ. ਪੀ. ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਅਤੇ ਕੇਂਦਰ ਨੇ ਆਪਣੇ ਆਰਡੀਨੈਂਸਾਂ ਨੂੰ ਲਾਗੂ ਕਰ ਦਿੱਤਾ ਤਾਂ ਸਥਿਤੀ 'ਚ ਸਮੁੱਚੀ ਖੇਤੀਬਾੜੀ ਪ੍ਰਣਾਲੀ ਪੰਜਾਬ 'ਚ ਖੇਰੂ-ਖੇਰੂ ਹੋ ਕੇ ਰਹਿ ਜਾਵੇਗੀ ਅਤੇ ਕਿਸਾਨਾਂ ਦਾ ਸ਼ੋਸ਼ਣ ਸ਼ੁਰੂ ਹੋ ਜਾਵੇਗਾ। ਇਸ ਸਮੇਂ ਸੂਬੇ 'ਚ ਝੋਨੇ ਦੀ ਪੈਦਾਵਰ 18 ਲੱਖ ਟਨ ਅਤੇ ਕਣਕ ਦੀ ਪੈਦਾਵਰ 130 ਲੱਖ ਟਨ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਕੋਲ ਆਪਣੇ ਮਸਲਿਆਂ ਨੂੰ ਲੈ ਕੇ ਸੜਕਾਂ 'ਤੇ ਉਤਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਉਨ੍ਹਾਂ ਨੇ ਦੱਸਿਆ ਕਿ 20 ਦੇ ਸੰਘਰਸ਼ ਤੋਂ ਬਾਅਦ ਅਗਲੇ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।


shivani attri

Content Editor

Related News