ਅੰਦੋਲਨ ਜੇਕਰ ਸਿੱਖ ਕਿਸਾਨਾਂ ਦਾ ਹੈ ਤਾਂ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਭਾਜਪਾ ਨੂੰ ਕਿਉਂ ਨਕਾਰਿਆ?

Monday, Mar 01, 2021 - 10:03 PM (IST)

ਅੰਦੋਲਨ ਜੇਕਰ ਸਿੱਖ ਕਿਸਾਨਾਂ ਦਾ ਹੈ ਤਾਂ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਭਾਜਪਾ ਨੂੰ ਕਿਉਂ ਨਕਾਰਿਆ?

ਸੰਜੀਵ ਪਾਂਡੇ 
ਭਾਜਪਾ ਦੀ ਨਜ਼ਰ ਵਿੱਚ ਕਿਸਾਨ ਅੰਦੋਲਨ ਸਿੱਖ ਕਿਸਾਨਾਂ ਦਾ ਅੰਦੋਲਨ ਹੈ।ਇਸੇ ਕਰਕੇ ਲਗਾਤਾਰ ਕੇਂਦਰ  ਸਰਕਾਰ ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਪਰ ਪੰਜਾਬ ਦੀਆਂ ਨਗਰ ਪੰਚਾਇਤਾਂ ਅਤੇ ਨਿਗਮਾਂ ਦੇ ਚੋਣ ਨਤੀਜਿਆਂ ਮਗਰੋਂ ਭਾਜਪਾ ਦੀ ਹਾਲਤ ਖ਼ਰਾਬ ਹੈ।ਸ਼ਹਿਰੀ ਖੇਤਰਾਂ ਦੇ ਹਿੰਦੂਆਂ ਨੇ ਭਾਜਪਾ ਨੂੰ ਰੱਦ ਕਰ ਦਿੱਤਾ ਹੈ।ਕਾਂਗਰਸ ਨੂੰ ਵੱਡੀ ਜਿੱਤ ਮਿਲੀ ਹੈ।ਭਾਜਪਾ ਨਾਲੋਂ ਵਧੀਆ ਪ੍ਰਦਰਸ਼ਨ ਅਕਾਲੀ ਦਲ ਨੇ ਸ਼ਹਿਰੀ ਹਲਕਿਆਂ ਵਿੱਚ ਕੀਤਾ ਹੈ।ਕਿੱਥੇ ਭਾਜਪਾ ਪਿੰਡਾਂ ਵਿੱਚ ਆਪਣੀ ਵੋਟ ਬੈਂਕ ਦਾ ਦਾਅਵਾ ਕਰ ਰਹੀ ਸੀ ਪਰ ਹੁਣ ਸ਼ਹਿਰੀ ਖੇਤਰ ਵਿੱਚ ਵੀ ਥਿੜਕਣ ਲੱਗੀ ਹੈ।ਭਾਜਪਾ ਦੀ ਵੱਡੀ ਚਿੰਤਾ ਇਹ ਵੀ ਹੈ ਕਿ ਸ਼ਹਿਰੀ ਖੇਤਰ ਵਿੱਚ ਭਾਜਪਾ ਨਾਲੋਂ ਵਧੀਆ ਪ੍ਰਦਰਸ਼ਨ ਅਕਾਲੀ ਦਲ ਨੇ ਕੀਤਾ ਹੈ ਜੋ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਮੰਨਦੀ ਹੈ।

ਚੋਣ ਨਤੀਜੇ ਭਾਜਪਾ ਲਈ ਵੱਡਾ ਝਟਕਾ
ਭਾਜਪਾ ਲਈ ਇਹ ਚੋਣਾਂ ਮਾੜੀ ਖ਼ਬਰ ਲੈ ਕੇ ਆਈਆਂ ਹਨ।ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੇ ਕੁੱਲ 2165 ਵਾਰਡਾਂ ਵਿੱਚ ਭਾਜਪਾ ਨੂੰ ਸਿਰਫ਼ 49 ਵਾਰਡਾਂ ਵਿੱਚ ਜਿੱਤ ਮਿਲੀ ਹੈ।ਹਿੰਦੂ ਬਹੁਗਿਣਤੀ ਵਾਰਡਾਂ ਵਿੱਚ ਵੀ ਭਾਜਪਾ ਦੀ ਕਰਾਰੀ ਹਾਰ ਹੋਈ ਹੈ।ਇਹ ਭਾਜਪਾ ਲਈ ਵੱਡਾ ਝਟਕਾ ਹੈ।ਖ਼ਾਸਕਰ ਉਦੋਂ ਜਦੋਂ ਭਾਜਪਾ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਵਿੱਚ ਸੱਤਾ ਪ੍ਰਾਪਤ ਕਰਨ ਦੇ ਸੁਫ਼ਨੇ ਵੇਖ ਰਹੀ ਹੈ।ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਦਲਿਤ-ਹਿੰਦੂ ਗੱਠਜੋੜ ਬਣਾ ਰਹੀ ਸੀ।ਭਾਜਪਾ ਆਗੂ ਇਹੋ ਪੱਤਾ ਖੇਡ ਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਪਿੱਛੇ ਧੱਕਣ ਦੀ ਯੋਜਨਾ ਬਣਾ ਰਹੇ ਸਨ।ਰਾਜ ਦੇ ਨੇਤਾਵਾਂ ਨੂੰ ਕੇਂਦਰ ਵਿੱਚ ਪ੍ਰਤੀਨਿਧਤਾ ਦੇ ਕੇ ਸੂਬੇ ਦੀ ਜਨਤਾ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਸੀ ਕਿ ਪੰਜਾਬ ਉਨ੍ਹਾਂ ਲਈ ਖ਼ਾਸ ਹੈ।ਹੁਸ਼ਿਆਰਪੁਰ ਦੇ ਭਾਜਪਾ ਸੰਸਦ ਸੋਮ ਪ੍ਰਕਾਸ਼ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਗਿਆ। ਹਾਲ ਹੀ ਵਿੱਚ ਪੰਜਾਬ ਭਾਜਪਾ ਦੇ ਦਲਿਤ ਨੇਤਾ ਵਿਜੈ ਸਾਂਪਲਾ ਨੂੰ ਰਾਸ਼ਟਰੀ ਅਨਸੂਚਿਤ ਜਾਤੀ ਆਯੋਗ ਦਾ ਚੇਅਰਮੈਨ ਬਣਾਇਆ ਗਿਆ। ਸਾਂਪਲਾ ਪਹਿਲਾਂ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਹਨ।ਪੰਜਾਬ ਦੇ ਕੋਟੇ ਵਿੱਚ ਤਰੁਣ ਚੁੱਘ ਨੂੰ  ਭਾਜਪਾ ਵਿੱਚ ਰਾਸ਼ਟਰੀ ਸਕੱਤਰ ਜਨਰਲ ਬਣਾਇਆ ਗਿਆ ਹੈ।

ਸਥਾਨਕ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੀ ਗ਼ਲਤਫਹਿਮੀ ਨੂੰ ਦੂਰ ਕਰ ਦਿੱਤਾ ਹੈ।ਚੋਣ ਨਤੀਜੇ ਦੱਸਦੇ ਹਨ ਕਿ ਭਾਜਪਾ ਨੂੰ ਨਾ ਤਾਂ ਸ਼ਹਿਰੀ ਹਿੰਦੂਆਂ ਦੀ ਵੋਟ ਮਿਲੀ ਅਤੇ ਨਾ ਹੀ ਦਲਿਤ ਜਾਤੀ ਦੀ।ਸੂਬੇ ਵਿੱਚ 109 ਨਗਰ ਪੰਚਾਇਤਾਂ ਵਿੱਚੋਂ 87 ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਿਆ। ਨਗਰ ਪੰਚਾਇਤਾਂ ਦੇ ਕੁੱਲ 1815 ਵਾਰਡਾਂ ਵਿੱਚ 1128 ਵਾਰਡਾਂ ਵਿੱਚ ਕਾਂਗਰਸ ਨੂੰ ਜਿੱਤ ਮਿਲੀ।ਨਗਰ ਨਿਗਮ ਵਿੱਚ 350 ਵਾਰਡਾਂ ਵਿੱਚੋਂ 271 ਵਾਰਡਾਂ ਵਿੱਚ ਕਾਂਗਰਸ ਜਿੱਤੀ।ਅਕਾਲੀ ਦਲ ਨੂੰ ਨਗਰ ਪੰਚਾਇਤਾਂ ਵਿੱਚ 252 ਵਾਰਡਾਂ ਵਿੱਚ ਜਿੱਤ ਮਿਲੀ ਅਤੇ ਨਗਰ ਨਿਗਮ ਦੀਆਂ 33 ਸੀਟਾਂ 'ਤੇ ਜਿੱਤ ਹਾਸਲ ਕੀਤੀ।ਭਾਜਪਾ ਨੂੰ ਨਗਰ ਪੰਚਾਇਤ ਵਿੱਚ 29 ਅਤੇ ਨਗਰ ਨਿਗਮ ਵਿੱਚ 20 ਸੀਟਾਂ ਉੱਤੇ ਜਿੱਤ ਮਿਲੀ ਹੈ।ਆਪ ਨੂੰ ਨਗਰ ਪੰਚਾਇਤਾਂ ਵਿੱਚ 53 ਅਤੇ ਨਗਰ ਨਿਗਮ ਵਿੱਚ 9 ਸੀਟਾਂ 'ਤੇ ਜਿੱਤ ਮਿਲੀ।

ਇਹ ਵੀ ਪੜ੍ਹੋ:ਜਾਣੋ ਕੀ ਹੈ ਸਵਾਮੀਨਾਥਨ ਰਿਪੋਰਟ, ਕਿਸਾਨ ਕਿਉਂ ਕਰ ਰਹੇ ਨੇ ਕਮਿਸ਼ਨ ਦੀਆਂ ਤਜਵੀਜ਼ਾਂ ਲਾਗੂ ਕਰਨ ਦੀ ਮੰਗ

ਰਾਜਨੀਤਿਕ ਸਮੀਕਰਣ ਨਹੀਂ ਰਿਹਾ ਸਫ਼ਲ
ਭਾਜਪਾ ਲਗਾਤਾਰ ਤਰਕ ਦੇ ਰਹੀ ਸੀ ਕਿ ਕਿਸਾਨ ਅੰਦੋਲਨ ਦਾ ਕੋਈ ਰਾਸ਼ਟਰੀ ਪੱਧਰ ਤੇ ਪ੍ਰਭਾਵ ਨਹੀਂ ਹੈ।ਇਹ ਅੰਦੋਲਨ ਪੰਜਾਬ ਦੇ ਸਿੱਖ ਕਿਸਾਨਾਂ ਦਾ ਹੈ।ਇਹੀ ਨਹੀਂ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀ ਦੱਸ ਕੇ ਭਾਜਪਾ ਨੇ ਇਸ ਨੂੰ ਮੌਕੇ ਦੇ ਤੌਰ 'ਤੇ ਲਿਆ। ਪੰਜਾਬ ਦੇ ਸਿੱਖ ਕਿਸਾਨਾਂ ਵਿੱਚ ਵੱਡੀ ਗਿਣਤੀ ਜੱਟ ਕਿਸਾਨਾਂ ਦੀ ਹੈ।ਇਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਖ਼ਾਸਾ ਆਧਾਰ ਹੈ।ਭਾਜਪਾ ਨੇ ਇਨ੍ਹਾਂ ਖ਼ਿਲਾਫ਼ ਇਕ ਨਵਾਂ ਸਮੀਕਰਣ ਬਣਾਉਣ ਦੀ ਕੋਸ਼ਿਸ਼ ਕੀਤੀ।ਭਾਜਪਾ ਆਗੂ ਸਿੱਖ ਕਿਸਾਨਾਂ ਖ਼ਿਲਾਫ਼ ਨਵੇਂ ਰਾਜਨੀਤਿਕ ਸਮੀਕਰਣ ਅਨੁਸਾਰ ਸ਼ਹਿਰੀ ਹਿੰਦੂਆਂ ਅਤੇ ਪੇਂਡੂ ਇਲਾਕਿਆਂ ਵਿੱਚ ਮੌਜੂਦ ਦਲਿਤਾਂ ਨੂੰ ਲਾਮਬੰਦ ਕਰਨ ਦੀ ਯੋਜਨਾ ਬਣਾਉਣ ਲੱਗੇ।ਇਸੇ ਸਮੀਕਰਣ ਨੂੰ ਲੈ ਕੇ ਭਾਜਪਾ ਨੇਤਾ ਟੀਕਾ ਟਿੱਪਣੀ ਵੀ ਕਰਨ ਲੱਗੇ।ਇਕ ਯੋਜਨਾ ਅਨੁਸਾਰ ਰਾਸ਼ਟਰੀ ਪੱਧਰ 'ਤੇ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀਆਂ ਦਾ ਅੰਦੋਲਨ ਵੀ ਦੱਸਿਆ ਗਿਆ।ਭਾਜਪਾ ਆਗੂਆਂ ਨੂੰ ਇਹ ਉਮੀਦ ਬਿਲਕੁਲ ਵੀ ਨਹੀਂ ਸੀ ਕਿ ਸ਼ਹਿਰੀ ਹਿੰਦੂ ਵੋਟ ਵੀ ਉਨ੍ਹਾਂ  ਨੂੰ ਨਹੀਂ ਮਿਲੇਗੀ।ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਸੀ।ਪੁਲਸ ਦੇ ਸਖ਼ਤ ਪਹਿਰੇ ਹੇਠ ਹੀ ਭਾਜਪਾ ਆਗੂ ਪ੍ਰਚਾਰ ਕਰ ਸਕੇ ਸਨ। ਇਹ ਵਿਰੋਧ ਅੱਜ ਵੀ ਬਰਕਰਾਰ ਹੈ।

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਭਾਜਪਾ ਲਈ ਵੱਡੀ ਚਿੰਤਾ
ਚੋਣਾਂ ਦੌਰਾਨ ਬਹੁਤ ਜਗ੍ਹਾ ਉਮੀਦਵਾਰ ਨਾ ਮਿਲਣੇ ਵੀ ਭਾਜਪਾ ਲਈ ਵੱਡੀ ਚਿੰਤਾ ਹੈ।ਇਸਦੇ ਬਾਵਜੂਦ ਭਾਜਪਾ ਆਗੂ ਦਾਅਵਾ ਕਰਦੇ ਹਨ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ।ਭਾਜਪਾ ਆਪਣੇ ਗੜ੍ਹ ਹੁਸ਼ਿਆਰਪੁਰ , ਪਠਾਨਕੋਟ,ਅਬੋਹਰ ਵਿੱਚ ਹਾਰ ਗਈ ਹੈ।ਪਠਾਨਕੋਟ ਅਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਕਈ ਵਾਰ ਵਿਧਾਇਕ ਬਣ ਚੁੱਕੇ ਹਨ।ਅਬੋਹਰ ਵਿੱਚ ਵਰਤਮਾਨ ਵਿੱਚ ਭਾਜਪਾ ਦੇ ਵਿਧਾਇਕ ਅਰੁਣ ਨਰੰਗ ਹਨ ਪਰ ਅਬੋਹਰ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ।ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਖ਼ੁਦ ਪਠਾਨਕੋਟ ਨਾਲ ਸਬੰਧਿਤ ਹਨ ਅਤੇ ਇੱਕ ਵਾਰ ਵਿਧਾਇਕ ਵੀ ਚੁਣੇ ਗਏ ਹਨ ਪਰ ਇਥੇ ਭਾਜਪਾ ਨੂੰ 50 ਵਿੱਚੋਂ ਸਿਰਫ਼ 11 ਸੀਟਾਂ ਮਿਲੀਆਂ ਹਨ।ਹੁਸ਼ਿਆਰਪੁਰ ਲੋਕ ਸਭਾ ਸੀਟ ਭਾਜਪਾ ਕੋਲ ਹੈ ।ਇਥੋਂ ਦੇ ਲੋਕ ਸਭਾ ਸਾਂਸਦ ਸੋਮ ਪ੍ਰਕਾਸ਼ ਕੇਂਦਰ ਵਿੱਚ ਮੰਤਰੀ ਹਨ ਪਰ ਇਥੇ ਵੀ ਭਾਜਪਾ ਨੂੰ 50 ਵਿੱਚੋਂ ਸਿਰਫ਼ 4 ਸੀਟਾਂ ਮਿਲੀਆਂ ਹਨ।ਸੂਬੇ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਤੀਕਸ਼ਣ ਸੂਦ ਦੀ ਪਤਨੀ ਵੀ ਆਪਣੇ ਵਾਰਡ ਵਿੱਚੋਂ ਹਾਰ ਗਈ।ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸਨੀ ਦਿਓਲ ਦੇ ਖੇਤਰ ਵਿੱਚੋਂ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ।ਇਸੇ ਹਲਕੇ ਵਿੱਚ ਪਾਕਿਸਤਾਨ ਤੋਂ ਆਏ ਹਿਦੂਆਂ ਦੀ ਖ਼ਾਸੀ ਗਿਣਤੀ ਹੈ ਜਿਨ੍ਹਾਂ ਨੇ ਭਾਜਪਾ ਨੂੰ ਖਾਰਿਜ਼ ਕਰ ਦਿੱਤਾ ਹੈ। ਕੀ ਹਾਲੇ ਵੀ ਭਾਜਪਾ ਕਿਸਾਨ ਅੰਦੋਲਨ ਨੂੰ ਸਿੱਖਾਂ ਦਾ ਅੰਦੋਲਨ ਦੱਸੇਗੀ?

 ਨੋਟ:  ਕੀ ਸਥਾਨਕ ਚੋਣਾਂ 'ਤੇ ਕਿਸਾਨ ਸੰਘਰਸ਼ ਦਾ ਅਸਰ ਵੇਖਣ ਨੂੰ ਮਿਲਿਆ? ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Harnek Seechewal

Content Editor

Related News