ਸਮਰਾਲਾ ''ਚ ਬਿਜਲੀ ਸੰਕਟ ਮਗਰੋਂ ''ਕਿਸਾਨਾਂ'' ਨੇ ਬਿਜਲੀ ਗਰਿੱਡ ਘੇਰ ਲਾਇਆ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

Wednesday, Jun 23, 2021 - 12:43 PM (IST)

ਸਮਰਾਲਾ (ਗਰਗ, ਬੰਗੜ) : ਮਾਨਸੂਨ ’ਚ ਹੋ ਰਹੀ ਦੇਰੀ ਦੇ ਚੱਲਦਿਆਂ ਪੰਜਾਬ ਵਿੱਚ ਝੋਨੇ ਦੀ ਬਿਜਾਈ ਲਈ ਪੈਦਾ ਹੋਏ ਬਿਜਲੀ ਸੰਕਟ ਤੋਂ ਬਾਅਦ ਮੁਸ਼ਕਲ ਵਿੱਚ ਘਿਰੇ ਕਿਸਾਨਾਂ ਨੇ ਸਰਕਾਰ ਦੇ ਐਲਾਨ ਦੇ ਬਾਵਜੂਦ 10 ਘੰਟੇ ਬਿਜਲੀ ਨਾ ਮਿਲਣ ’ਤੇ ਅੱਜ ਪਾਵਰਕਾਮ ਦੇ ਘੁਲਾਲ ਬਿਜਲੀ ਗੱਰਿਡ ਨੂੰ ਘੇਰ ਲਿਆ ਹੈ। ਉੱਥੇ ਭਾਰੀ ਰੋਸ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਵੱਲੋਂ ਗੱਰਿਡ ਦੇ ਅੰਦਰ ਹਾਜ਼ਰ ਅਧਿਕਾਰੀਆਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਅਤੇ ਇਨ੍ਹਾਂ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਰਜਨਾਂ ਹੋਰ ਪਿੰਡਾਂ ਦੇ ਇੱਕਠੇ ਹੋਏ ਕਿਸਾਨਾਂ ਨੇ 10 ਘੰਟੇ ਬਿਜਲੀ ਦੀ ਮੰਗ ਨੂੰ ਲੈ ਕੇ ਇਲਾਕੇ ’ਚ ਕਈ ਥਾਵਾਂ ’ਤੇ ਸੜਕਾਂ ਪੂਰੀ ਤਰ੍ਹਾਂ ਜਾਮ ਕਰਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ

PunjabKesari

ਵੱਡੀ ਗਿਣਤੀ ’ਚ ਕਿਸਾਨ ਬੀਜਾ ਰੋਡ ਤੋਂ ਇਲਾਵਾ ਵੱਖ-ਵੱਖ ਪੇਂਡੂ ਲਿੰਕ ਸੜਕਾਂ 'ਤੇ ਅੱਜ ਸਵੇਰ ਤੋਂ ਹੀ ਪੱਕਾ ਧਰਨਾ ਮਾਰ ਕੇ ਬੈਠ ਗਏ ਹਨ। ਕਿਸਾਨਾਂ ਦੇ ਇੱਕ ਗੁੱਟ ਵੱਲੋਂ ਸਮਰਾਲਾ ਰੇਲਵੇ ਸਟੇਸ਼ਨ ਨੂੰ ਜਾਂਦੇ ਰਾਹ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ ਅਤੇ ਇਹ ਸਾਰੇ ਕਿਸਾਨ ਖੇਤਾਂ ਲਈ ਨਿਰਵਿਘਨ 10 ਘੰਟੇ ਬਿਜਲੀ ਸਪਲਾਈ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਬੀਜਾ ਰੋਡ ’ਤੇ 20 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਵੱਲੋਂ ਸਵੇਰ ਵੇਲੇ ਬੀਜਾ-ਚਾਵਾ ਸੜਕ ਸਮੇਤ ਹੋਰ ਕਈ ਲਿੰਕ ਰੋਡ ਜਾਮ ਕਰਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਲਗਾਤਾਰ ਭਾਰੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇੱਥੇ ਬੈਠੇ ਕਿਸਾਨਾਂ ਵਿੱਚ ਸ਼ਾਮਲ ਕੇਸਰ ਸਿੰਘ ਨਾਗਰਾ, ਮਨਜੀਤ ਸਿੰਘ, ਸੰਦੀਪ ਸਿੰਘ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਢੀਡਸਾ ਅਤੇ ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਸਮੁੱਚੇ ਪਿੰਡਾਂ ਦੇ ਕਿਸਾਨ ਲੋੜ ਮੁਤਾਬਕ ਪੂਰੀ ਬਿਜਲੀ ਨਾ ਮਿਲਣ ਕਾਰਨ ਡਾਹਢੇ ਪਰੇਸ਼ਾਨ ਹਨ ਅਤੇ ਝੋਨੇ ਦੀ ਬਿਜਾਈ ਪੂਰੇ ਇਲਾਕੇ ਵਿੱਚ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ : ਕਮੇਟੀ ਸਾਹਮਣੇ ਗੁੱਸੇ 'ਚ ਆਏ 'ਕੈਪਟਨ' ਬੋਲੇ, ਪੂਰੇ ਵਿਵਾਦ ਦੀ ਅਸਲ ਜੜ੍ਹ 'ਨਵਜੋਤ ਸਿੱਧੂ'

PunjabKesari

ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਬੀਜੀ ਗਈ ਸੀ, ਉਹ ਵੀ ਬੜੀ ਮੁਸ਼ਕਲ 24 ਘੰਟੇ ਵਿੱਚ ਸਿਰਫ 4 ਘੰਟੇ ਬਿਜਲੀ ਸਪਲਾਈ ਮਿਲਣ ਕਾਰਨ ਪਨੀਰੀ ਨੂੰ ਬਚਾਉਣ ਲਈ ਲਗਾਤਾਰ ਮਹਿੰਗੇ ਭਾਅ ਦਾ ਡੀਜ਼ਲ ਫੂਕ-ਫੂਕ ਖੇਤਾਂ ਨੂੰ ਪਾਣੀ ਦੇ ਰਹੇ ਹਨ। ਜਿਹੜੇ ਕਿਸਾਨਾਂ ਕੋਲ ਡੀਜ਼ਲ ਇੰਜਣ ਦਾ ਵੀ ਪ੍ਰਬੰਧ ਨਹੀਂ, ਉਨ੍ਹਾਂ ਕਿਸਾਨਾਂ ਦੀ ਪਨੀਰੀ ਸੁੱਕਣ ਲੱਗੀ ਹੈ। ਉਧਰ ਘੁਲਾਲ ਬਿਜਲੀ ਘਰ ਨੂੰ ਘੇਰ ਕੇ ਬੈਠੇ ਝੋਨੇ ਦੀ ਬਿਜਾਈ ਲਈ ਲੋੜ ਮੁਤਾਬਕ ਪੂਰੀ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਚੰਗੀ ਖ਼ਬਰ, ਘਰ ਦਾ ਸੁਫ਼ਨਾ ਹੋਵੇਗਾ ਸਾਕਾਰ

PunjabKesari

ਇਨ੍ਹਾਂ ਕਿਸਾਨਾਂ ਦਾ ਦੋਸ਼ ਹੈ ਕਿ ਝੋਨੇ ਦੀ ਬਿਜਾਈ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਨੂੰ ਸਰਕਾਰ ਦੇ ਐਲਾਨ ਮੁਤਾਬਕ ਇਕ ਦਿਨ ਵੀ ਪੂਰੀ ਸਪਲਾਈ ਨਹੀਂ ਦਿੱਤੀ ਗਈ ਅਤੇ ਹੁਣ ਤਾਂ ਹਾਲਾਤ ਹੋਰ ਵੀ ਖ਼ਰਾਬ ਹਨ। ਇਨ੍ਹਾਂ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਬਿਜਲੀ ਗੱਰਿਡ ਅੱਗੇ ਅਣਮਿੱਥੇ ਸਮੇਂ ਲਈ ਡਟੇ ਰਹਿਣਗੇ ਅਤੇ ਕਿਸੇ ਵੀ ਅਧਿਕਾਰੀ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News