ਕਿਸਾਨਾਂ ਨੇ ਥਾਣਾ ਚੋਹਲਾ ਸਾਹਿਬ ਵਿਖੇ ਲਾਇਆ ਧਰਨਾ

Tuesday, Jun 12, 2018 - 03:40 AM (IST)

ਕਿਸਾਨਾਂ ਨੇ ਥਾਣਾ ਚੋਹਲਾ ਸਾਹਿਬ ਵਿਖੇ ਲਾਇਆ ਧਰਨਾ

ਚੋਹਲਾ ਸਾਹਿਬ, (ਨਈਅਰ)- ਪਿਛਲੇ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਥਾਣਾ ਚੋਹਲਾ ਸਾਹਿਬ ਵਿਖੇ ਦਿੱਤੀਆਂ ਗਈਆਂ ਦਰਖਾਸਤਾਂ ਦਾ ਨਿਪਟਾਰਾ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਅੱਜ ਪੁਲਸ ਥਾਣਾ ਚੋਹਲਾ ਸਾਹਿਬ ਦਾ ਘਿਰਾਓ ਕੀਤਾ ਗਿਆ, ਜਿਸ ਦੀ ਅਗਵਾਈ ਅਜੀਤ ਸਿੰਘ ਚੰਬਾ, ਰੇਸ਼ਮ ਸਿੰਘ ਘੁਰਕਵਿੰਡ, ਮੇਹਰ ਸਿੰਘ ਤਲਵੰਡੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਬਲਵਿੰਦਰ ਸਿੰਘ ਚੋਹਲਾ ਸਾਹਿਬ ਤੇ ਨਿਰੰਜਨ ਸਿੰਘ ਬਗਰਾੜੀ ਨੇ ਕਿਹਾ ਕਿ ਥਾਣਾ ਚੋਹਲਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਦਿਲਾਵਲਪੁਰ ਵਾਸੀ ਭਗਵੰਤ ਸਿੰਘ ਵੱਲੋਂ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਵਿਚ ਔਰਤ ਦੀ ਕੁੱਟ-ਮਾਰ ਤੇ ਉਸ ਦੇ ਕਪੜੇ ਪਾੜਨ ਆਦਿ ਸਬੰਧੀ ਦੱਸਿਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਅੱਜ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।
 ਇਸੇ ਤਰ੍ਹਾਂ ਹੀ ਪ੍ਰਭ ਸਿਮਰਨ ਸਿੰਘ ਪੁੱਤਰ ਬਲੀ ਸਿੰਘ ਵਾਸੀ ਧੁੰਨ ਢਾਏ ਵਾਲਾ ਦੀ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟ-ਮਾਰ ਸਬੰਧੀ ਵੀ ਦਰਖਾਸਤ ਦਿੱਤੀ ਗਈ ਸੀ ਤੇ ਇਨ੍ਹਾਂ ਦੋਵਾਂ ਕੇਸਾਂ ਸਬੰਧੀ ਐੱਸ. ਐੱਸ. ਪੀ. ਸਾਹਿਬ ਤਰਨਤਾਰਨ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਇਸ ਦੇ ਬਾਵਜੂਦ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੋਰ ਵੀ ਕਈ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਅੱਜ ਥਾਣੇ ਦਾ ਘਿਰਾਓ ਕੀਤਾ ਗਿਆ ਹੈ।
 ਇਸ ਸਬੰਧੀ ਪੁਲਸ ਥਾਣਾ ਚੋਹਲਾ ਸਾਹਿਬ ਦੇ ਮੁਖੀ ਐੱਸ. ਐੱਚ. ਓ. ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਕਤ ਕਿਸਾਨਾਂ ਵੱਲੋਂ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਕਾਰਵਾਈ ਕਾਨੂੰਨੀ ਦਾਇਰੇ ਅਧੀਨ ਕੀਤੀ ਗਈ ਹੈ। ਕਿਸਾਨਾਂ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਲੰਮੇ ਸਮੇਂ ਲਈ ਚੱਲੇ ਇਸ ਧਰਨੇ ਤੋਂ ਬਾਅਦ ਡੀ. ਐੱਸ. ਪੀ. ਡੀ. ਪ੍ਰਹਿਲਾਦ ਸਿੰਘ ਅਟਵਾਲ ਵੱਲੋਂ ਵਿਸ਼ਵਾਸ ਦਿਵਾਉਣ 'ਤੇ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ। ਇਸ ਧਰਨੇ 'ਚ ਜੱਸਾ ਸਿੰਘ ਪੱਖੋਪੁਰ, ਪਲਵਿੰਦਰ ਸਿੰਘ ਦਦੇਹਰ ਸਾਹਿਬ, ਹਰਜਿੰਦਰ ਸਿੰਘ ਚੰਬਾ, ਗੁਰਭੇਜ ਸਿੰਘ ਧਾਰੀਵਾਲ, ਨਛੱਤਰ ਸਿੰਘ ਕਰਮੂਵਾਲਾ, ਰੇਸ਼ਮ ਸਿੰਘ ਬੁਰਜ, ਮਨਜੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਗੋਪੀ, ਦਵਿੰਦਰ ਸਿੰਘ, ਭਗਵੰਤ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਦਿਲਬਾਗ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।


Related News